ਤੇਜ਼ ਰਫ਼ਤਾਰ ਦਾ ਕਹਿਰ! ਟਿੱਪਰ ਨੇ ਬਾਈਕ ਨੂੰ ਮਾਰੀ ਟੱਕਰ, 12 ਸਾਲਾਂ ਦੇ ਮਾਸੂਮ ਨੇ ਤੋੜਿਆ ਦਮ, ਇੱਕ ਜ਼ਖਮੀ
High Speed Tipper Hits Bike; ਬਠਿੰਡਾ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ 12 ਸਾਲਾਂ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸਦਾ ਸਾਥੀ ਜ਼ਖਮੀ ਹੋ ਗਿਆ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਡੱਬਵਾਲੀ ਰੋਡ ‘ਤੇ ਟੋਇਟਾ ਸ਼ੋਅਰੂਮ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਜੱਸਾ ਪੁੱਤਰ ਬਿੱਟੂ ਵਾਸੀ ਸਾਈਂ ਨਗਰ, ਡੱਬਵਾਲੀ ਰੋਡ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜੱਸਾ ਆਪਣੇ ਦੋਸਤ ਨਾਲ ਬਾਜ਼ਾਰ ਜਾ ਰਿਹਾ ਸੀ। ਬਾਈਕ ਚਾਲਕ ਨਾਬਾਲਗ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਮੋਨੂੰ ਸ਼ਰਮਾ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ। ਸੰਸਥਾ ਦੇ ਮੈਂਬਰ ਲਾਸ਼ ਨੂੰ ਸਿਵਲ ਹਸਪਤਾਲ ਲੈ ਗਏ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਸਿਵਲ ਲਾਈਨਜ਼ ਥਾਣੇ ਦੇ ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਧਾਰਾ 174 ਤਹਿਤ ਕਾਰਵਾਈ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।