Banner
Banner

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਪਿੱਛੋਂ ਪਸ਼ੂਆਂ ਦੀ ਸੁਰੱਖਿਆ ਲਈ ਸਮਾਂਬੱਧ ਯੋਜਨਾ ਤਿਆਰ

Diseases Caused by Flood Water: ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। 2.53 Lakh Animals Affected in Punjab Floods: ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਦੇ ਮਾਰੂ ਨਤੀਜਿਆਂ ਤੋਂ ਸਮੁੱਚੇ ਪਸ਼ੂਧਨ ਦੀ ਸੁਰੱਖਿਆ ਲਈ ਫੈਸਲਾਕੁਨ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ […]
Amritpal Singh
By : Published: 14 Sep 2025 21:30:PM
ਪੰਜਾਬ ਸਰਕਾਰ ਵੱਲੋਂ ਹੜ੍ਹਾਂ ਪਿੱਛੋਂ ਪਸ਼ੂਆਂ ਦੀ ਸੁਰੱਖਿਆ ਲਈ ਸਮਾਂਬੱਧ ਯੋਜਨਾ ਤਿਆਰ
gurmeet singh khudian

Diseases Caused by Flood Water: ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ।

2.53 Lakh Animals Affected in Punjab Floods: ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਦੇ ਮਾਰੂ ਨਤੀਜਿਆਂ ਤੋਂ ਸਮੁੱਚੇ ਪਸ਼ੂਧਨ ਦੀ ਸੁਰੱਖਿਆ ਲਈ ਫੈਸਲਾਕੁਨ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ, ਖੁਰ ਰੋਗ ਅਤੇ ਪਰਜੀਵੀ ਲਾਗਾਂ ਸਮੇਤ ਗੰਭੀਰ ਜੋਖਮਾਂ ਨੂੰ ਘਟਾਉਣ ਲਈ ਵਿਆਪਕ ਅਤੇ ਸਮਾਂਬੱਧ ਕਾਰਜ ਯੋਜਨਾ ਉਲੀਕੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਹੜ੍ਹਾਂ ਦੌਰਾਨ 713 ਪਿੰਡਾਂ ਵਿੱਚ 2.53 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ।

ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। ਇਨ੍ਹਾਂ ਬੀਮਾਰੀਆਂ ਵਿੱਚ ਗਲ ਘੋਟੂ, ਖੁਰ ਰੋਗ, ਥਣਾਂ ਦੀ ਬੀਮਾਰੀ, ਚਿੱਚੜ ਰੋਗ, ਚਮੜੀ ਰੋਗ, ਮੋਕ ਲੱਗਣੀ ਆਦਿ ਰੋਗਾਂ ਅਤੇ ਪੋਸ਼ਣ ਦੀ ਘਾਟ ਸ਼ਾਮਲ ਹੈ। ਇਸ ਬਹੁ-ਪੱਖੀ ਮੁਹਿੰਮ ਤਹਿਤ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਹਾਇਤਾ ਲਈ ਸਮੂਹਿਕ ਟੀਕਾਕਰਨ, ਕੀਟਾਣੂ-ਮੁਕਤ ਕਰਨ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ

ਕੈਬਨਿਟ ਮੰਤਰੀ ਨੇ ਕਿਹਾ ਕਿ ਪਸ਼ੂ ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਇਸ ਆਫ਼ਤ ਦੀ ਘੜੀ ਵਿੱਚ ਅਸੀਂ ਆਪਣੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਿਰਫ਼ ਰਾਹਤ ਸਬੰਧੀ ਇੱਕ ਯਤਨ ਨਹੀਂ, ਸਗੋਂ ਇਹ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਅਤੇ ਲੱਖਾਂ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਮਿਸ਼ਨ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋ ਸਕੇ। ਅਸੀਂ ਆਪਣੀ ਪੂਰੀ ਵੈਟਰਨਰੀ ਮਸ਼ੀਨਰੀ ਨੂੰ ਮਿਸ਼ਨ ਮੋਡ ਵਿੱਚ ਤਾਇਨਾਤ ਕਰ ਰਹੇ ਹਾਂ ਤਾਂ ਜੋ ਕੋਈ ਵੀ ਪਸ਼ੂ ਜਾਂ ਕਿਸਾਨ ਵਾਂਝਾ ਨਾ ਰਹੇ।

ਰੈਪਿਡ ਕਲੀਨ-ਅੱਪ ਅਤੇ ਕੀਟਾਣੂ-ਰਹਿਤ ਮੁਹਿੰਮ

ਇਸ ਕਾਰਜ ਯੋਜਨਾ ਦੇ ਮੁੱਖ ਪਹਿਲੂਆਂ ਨੂੰ ਉਜਾਗਰ ਕਰਦਿਆਂ ਖੁੱਡੀਆਂ ਨੇ ਦੱਸਿਆ ਕਿ ਪਾਣੀ ਦੀਆਂ ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਰੈਪਿਡ ਕਲੀਨ-ਅੱਪ ਅਤੇ ਕੀਟਾਣੂ-ਰਹਿਤ ਮੁਹਿੰਮ ਤਹਿਤ ਸਾਰੇ ਪ੍ਰਭਾਵਿਤ ਪਸ਼ੂ ਆਸਰਿਆਂ ਅਤੇ ਫੀਡਿੰਗ ਖੇਤਰਾਂ ਦੀ ਸਫਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੀਟਾਣੂ-ਰਹਿਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਫੌਗਿੰਗ ਕਰਵਾਈ ਜਾਵੇਗੀ। ਵਿਭਾਗ ਵੱਲੋਂ ਖੜ੍ਹੇ ਪਾਣੀ ਨੂੰ ਕੀਟਾਣੂ-ਰਹਿਤ ਕਰਨ ਅਤੇ ਫੁੱਟ-ਰੋਟ ਵਰਗੇ ਘਾਤਕ ਸੰਕਰਮਣਾਂ ਨੂੰ ਰੋਕਣ ਲਈ ਫੁੱਟ-ਡਿਪ ਬਣਾਉਣ ਵਾਸਤੇ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਂਗਨੇਟ (ਕੇਐਮਐਨਓ4) ਕ੍ਰਿਸਟਲ ਵੀ ਮੁਫਤ ਵੰਡੇ ਜਾਣਗੇ। ਇਹ ਸਾਰੇ ਉਪਾਅ 21 ਸਤੰਬਰ, 2025 ਤੱਕ ਲਾਗੂ ਕੀਤੇ ਜਾਣਗੇ।

ਪਸ਼ੂਆਂ ਨੂੰ ਗਲ ਘੋਟੂ ਰੋਗ ਤੋਂ ਬਚਾਅ ਲਈ ਟੀਕੇ ਦੀਆਂ ਮੁਫਤ ਬੂਸਟਰ ਖੁਰਾਕਾਂ

ਉਨ੍ਹਾਂ ਦੱਸਿਆ ਕਿ ਐਮਰਜੈਂਸੀ ਟੀਕਾਕਰਨ ਪ੍ਰੋਟੋਕੋਲ ਤਹਿਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ 30 ਸਤੰਬਰ ਤੱਕ ਸਾਰੇ ਸੰਵੇਦਨਸ਼ੀਲ ਪਸ਼ੂਆਂ ਨੂੰ ਗਲ ਘੋਟੂ ਰੋਗ ਤੋਂ ਬਚਾਅ ਲਈ ਟੀਕੇ ਦੀਆਂ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਸ਼ੂਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਘਰ-ਘਰ ਜਾ ਕੇ ਸਿਹਤ ਸਬੰਧੀ ਨਿਗਰਾਨੀ ਅਤੇ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਵੈਟਰਨਰੀ ਅਫਸਰਾਂ ਅਤੇ ਪੈਰਾ-ਸਟਾਫ਼ ਦੀਆਂ ਟੀਮਾਂ ਤੁਰੰਤ ਦਖ਼ਲ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਤਣਾਅ, ਸੱਟਾਂ ਅਤੇ ਬੀਮਾਰੀ ਦੇ ਲੱਛਣਾਂ ਲਈ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਰੋਜ਼ਾਨਾ ਪਿੰਡ ਦੇ ਦੌਰੇ ਕਰ ਰਹੀਆਂ ਹਨ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪੋਸ਼ਣ ਸਬੰਧੀ ਕਮੀਆਂ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਦਵਾਈਆਂ ਖਣਿਜ ਮਿਸ਼ਰਣ (ਯੂਰੋਮਿਨ ਲਿਕਸ) ਅਤੇ ਸਾਈਲੇਜ ਦੀ ਵੀ ਮੁਫ਼ਤ ਵੰਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਸ਼ੂਆਂ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਤਾਲਮੇਲ ਨਾਲ ਕਲੋਰੀਨ ਦੀਆਂ ਗੋਲੀਆਂ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ।

ਸਮੀਖਿਆ ਲਈ ਰੋਜ਼ਾਨਾ ਪ੍ਰਗਤੀ ਰਿਪੋਰਟਾਂ ਕਰਵਾਈਆਂ ਜਾਣਗੀਆਂ ਜਮ੍ਹਾਂ

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਇੱਕ ਮਜ਼ਬੂਤ ਨਿਗਰਾਨ ਢਾਂਚਾ ਵੀ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਪਸ਼ੂ ਪਾਲਣ ਡਾਇਰੈਕਟਰ ਦੀ ਅਗਵਾਈ ਵਿੱਚ ਵਿਸ਼ੇਸ਼ ਪੋਸਟ-ਫਲੱਡ ਮੌਨੀਟਰਿੰਗ ਟੀਮ ਸ਼ਾਮਲ ਹੈ। ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਜ਼ਮੀਨੀ ਪੱਧਰ ‘ਤੇ ਇਸ ਮੁਹਿੰਮ ਦੇ ਅਮਲ ਲਈ ਜ਼ਿੰਮੇਵਾਰ ਹੋਣਗੇ ਅਤੇ ਸਮੀਖਿਆ ਲਈ ਰੋਜ਼ਾਨਾ ਪ੍ਰਗਤੀ ਰਿਪੋਰਟਾਂ ਜਮ੍ਹਾਂ ਕਰਵਾਉਣਗੇ। ਇਸ ਮੁਹਿੰਮ ਦੀ ਪ੍ਰਭਾਵਸ਼ੀਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਰਿਪੋਰਟ ਕੀਤੀਆਂ ਗਈਆਂ ਥਾਵਾਂ ਦੇ 20 ਫ਼ੀਸਦੀ ਖੇਤਰ ਵਿੱਚ ਰੋਜ਼ਾਨਾ ਖ਼ੁਦ ਜਾ ਕੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਫੀਲਡ ਸਟਾਫ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸ਼ੁਰੂਆਤੀ ਤੌਰ ‘ਤੇ ਪਛਾਣੇ ਗਏ 713 ਪਿੰਡਾਂ ਤੋਂ ਇਲਾਵਾ ਇਸ ਮੁਹਿੰਮ ਦਾ ਵਿਸਤਾਰ ਸਥਾਨਕ ਮੁਲਾਂਕਣ ਦੇ ਆਧਾਰ ‘ਤੇ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਸਿੱਧੀ ਸਹਾਇਤਾ ਪਹੁੰਚਾਉਣ ਲਈ ਸਥਾਨਕ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਤਾਲਮੇਲ ਨਾਲ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਏ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad