ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੱਗੀ ਭਿਆਨਕ ਅੱਗ, ਸਾਰੀਆਂ ਉਡਾਣਾਂ ਕੀਤੀਆਂ ਰੱਦ
Bangladesh Airport fire; ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਖੇਤਰ ਵਿੱਚ ਅੱਜ ਅੱਗ ਲੱਗ ਗਈ। ਹਾਦਸੇ ਦਾ ਕਾਰਨ ਅਜੇ ਤੱਕ ਨਹੀਂ ਪਤਾ ਚਲਿਆ ।
ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਤੁਰੰਤ ਸਾਰੀਆਂ ਉਡਾਣਾਂ ਰੋਕਣੀਆਂ ਪਈਆਂ। ਦਿੱਲੀ ਤੋਂ ਢਾਕਾ ਜਾਣ ਵਾਲੀ ਇੱਕ ਉਡਾਣ ਨੂੰ ਕੋਲਕਾਤਾ ਵੱਲ ਮੋੜ ਦਿੱਤਾ ਗਿਆ।
ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਦੁਪਹਿਰ 2:30 ਵਜੇ ਦੇ ਕਰੀਬ ਹਵਾਈ ਅੱਡੇ ਦੇ ਗੇਟ ਨੰਬਰ 8 ਦੇ ਨੇੜੇ ਕਾਰਗੋ ਪਿੰਡ ਵਿੱਚ ਲੱਗੀ। ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਕਾਰਗੋ ਨੂੰ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਕਾਲੇ ਧੂੰਏਂ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।
ਫਾਇਰ ਸਰਵਿਸ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ।
ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਬੁਲਾਰੇ ਤਲਹਾ ਬਿਨ ਜਾਸ਼ਿਮ ਨੇ ਕਿਹਾ ਕਿ ਹਾਦਸੇ ਦੀ ਖ਼ਬਰ ਮਿਲਦੇ ਹੀ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ। ਇਨ੍ਹਾਂ ਟੀਮਾਂ ਵਿੱਚ ਬੰਗਲਾਦੇਸ਼ ਫਾਇਰ ਸਰਵਿਸ, ਸਿਵਲ ਏਵੀਏਸ਼ਨ ਅਥਾਰਟੀ, ਹਵਾਈ ਸੈਨਾ ਦੀਆਂ ਦੋ ਫਾਇਰ ਯੂਨਿਟਾਂ ਅਤੇ ਨੇਵੀ ਦੀਆਂ ਟੀਮਾਂ ਸ਼ਾਮਲ ਸਨ।