ਸ਼ਹਿਰ ਨੂੰ ਕੂੜਾ-ਮੁਕਤ ਤੇ ਸੁਰੱਖਿਅਤ ਬਣਾਉਣ ਵੱਲ ਵੱਡਾ ਕਦਮ — ਵਿਧਾਇਕ ਸ਼ੈਰੀ ਕਲਸੀ ਵੱਲੋਂ ਨਵੇਂ ਟ੍ਰੈਕਟਰ ਅਤੇ ਆਧੁਨਿਕ ਫਾਇਰ ਟੈਂਡਰ ਦੀ ਭੇਂਟ
Latest Punjab News: ਬਟਾਲਾ ਸ਼ਹਿਰ ਵਿੱਚ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ, ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ) ਕਲਸੀ ਨੇ ਬਟਾਲਾ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਹੈ। ਉਨ੍ਹਾਂ ਅੱਜ ਬਟਾਲਾ ਕਾਰਪੋਰੇਸ਼ਨ ਨੂੰ ਚਾਰ ਨਵੇਂ ਟਰੈਕਟਰ ਅਤੇ ਇੱਕ ਅਤਿ-ਆਧੁਨਿਕ ਫਾਇਰ ਟੈਂਡਰ ਗੱਡੀ ਸਮਰਪਿਤ ਕੀਤੀ।
Batala News: ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਨਵੇਂ ਟਰੈਕਟਰਾਂ ਦੇ ਆਉਣ ਨਾਲ ਸ਼ਹਿਰ ਦੀ ਸਫਾਈ ਪ੍ਰਣਾਲੀ ਹੋਰ ਪ੍ਰਭਾਵਸ਼ਾਲੀ ਹੋ ਜਾਵੇਗੀ, ਜਿਸ ਨਾਲ ਬਟਾਲਾ ਨੂੰ “ਕੂੜਾ-ਮੁਕਤ ਸ਼ਹਿਰ” ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਨਵੀਂ ਜ਼ਮੀਨ ਖਰੀਦੀ ਜਾ ਰਹੀ ਹੈ, ਜਿੱਥੇ ਸ਼ਹਿਰ ਦੇ ਸਾਰੇ ਕੂੜੇ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਆਧੁਨਿਕ ਤਕਨਾਲੋਜੀ ਨਾਲ ਰੀਸਾਈਕਲ ਕੀਤਾ ਜਾਵੇਗਾ। ਇਸ ਯੋਜਨਾ ‘ਤੇ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਅੱਗ ਲੱਗਣ ਦੀਆਂ ਮੰਦਭਾਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਿਗਮ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਫਾਇਰ ਟੈਂਡਰ ਗੱਡੀ ਵੀ ਪ੍ਰਦਾਨ ਕੀਤੀ ਗਈ ਹੈ। ਇਹ ਵਾਹਨ ਅੱਗ ਬੁਝਾਉਣ ਵਾਲੀਆਂ ਜੈਕਟਾਂ, ਕਟਰ, ਉੱਚ-ਸ਼ਕਤੀ ਵਾਲੀਆਂ ਲਾਈਟਾਂ ਅਤੇ ਹੋਰ ਨਵੀਂ ਤਕਨਾਲੋਜੀ ਵਾਲੇ ਯੰਤਰਾਂ ਨਾਲ ਲੈਸ ਹੈ।
ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਨੂੰ ਇੱਕ ਸਾਫ਼, ਸੁਰੱਖਿਅਤ ਅਤੇ ਵਿਕਸਤ ਸ਼ਹਿਰ ਬਣਾਉਣ ਦੀ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਅਤੇ ਇਸ ਉਦੇਸ਼ ਲਈ ਉਹ ਹਰ ਸੰਭਵ ਕਦਮ ਚੁੱਕ ਰਹੇ ਹਨ।