ਨਾਭਾ ‘ਚ ਪ੍ਰੋਪਰਟੀ ਡੀਲਰ ‘ਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਨਸ਼ਾ ਕਰਨ ਤੋਂ ਰੋਕਣਾ ਪਿਆ ਭਾਰੀ
Property Dealer Attacked in Nabha: ਨਾਭਾ ‘ਚ ਪ੍ਰੋਪਰਟੀ ਡੀਲਰ ਨਰਿੰਦਰ ਸਿੰਘ ‘ਤੇ ਕਰੀਬ 8 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ। ਜ਼ਖਮੀ ਪ੍ਰੋਪਰਟੀ ਡੀਲਰ ਇਸ ਸਮੇਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਗੰਭੀਰ ਜ਼ਖਮੀ ਪ੍ਰੋਪਰਟੀ ਡੀਲਰ ਨੇ ਦੱਸਿਆ ਕਿ ਇਹ ਨੌਜਵਾਨ ਮੋਟਰ ‘ਤੇ ਇਕੱਠੇ ਹੋਕੇ ਬੈਠੇ ਸੀ ਅਤੇ ਇਹ ਨਸ਼ੇੜੀ ਹਨ।
ਪ੍ਰੋਪਰਟੀ ਡੀਲਰ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਹ ਮੋਟਰ ‘ਤੇ ਬੈਠ ਕੇ ਨਸ਼ਾ ਕਰਦੇ ਸੀ ਅਤੇ ਇਹਨਾਂ ਨੂੰ ਅਸੀਂ ਮੁਆਫੀ ਮੰਗ ਕੇ ਛੱਡ ਦਿੱਤਾ ਕਿ ਤੁਸੀਂ ਮੁਆਫੀ ਮੰਗੋ ਅਤੇ ਇੱਥੋਂ ਚਲੇ ਜਾਓ। ਉਸ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਨੌਜਵਾਨ ਮੁਆਫੀ ਮੰਗ ਕੇ ਚਲੇ ਗਏ ਕਿ ਅਸੀਂ ਇੱਥੇ ਦੁਬਾਰਾ ਨਹੀਂ ਆਵਾਂਗੇ। ਪਰ ਅੱਧੇ ਘੰਟੇ ਬਾਅਦ ਮੇਰੇ ‘ਤੇ ਜਾਨਲੇਵਾ ਹਮਲਾ ਕਰਕੇ ਮੇਰੇ ਤੋਂ ਮੋਬਾਇਲ ਅਤੇ ਪੈਸੇ ਖੋਹ ਲਏ ਗਏ।
ਜ਼ਖਮੀ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਹਮਲਾਵਰ ਨੌਜਵਾਨਾਂ ਅੱਗੇ ਹੱਥ ਜੋੜੇ ਕਿ ਤੁਸੀਂ ਜੋ ਕੁਝ ਲੈ ਕੇ ਜਾਣਾ ਲੈ ਜਾਓ। ਪਰ ਮੈਨੂੰ ਨਾ ਮਾਰੋ। ਪਰ ਇਹ ਮੇਰੇ ‘ਤੇ ਲਗਾਤਾਰ ਵਾਰ ਕਰਦੇ ਰਹੇ ਅਤੇ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਆਏ ਸੀ। ਜ਼ਖਮੀ ਨਰਿੰਦਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਪੁਲਿਸ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰੇ।
ਜ਼ਖਮੀ ਪ੍ਰੋਪਰਟੀ ਡੀਲਰ ਨਰਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਲਾਲੀ ਸਕਰੋਦੀ ਨੇ ਦੱਸਿਆ ਕੀ ਨੌਜਵਾਨ ਮੋਟਰ ‘ਤੇ ਇਕੱਠੇ ਹੋ ਕੇ ਬੈਠੇ ਸੀ ਅਤੇ ਇਸ ਜਗਹਾ ‘ਤੇ ਅਕਸਰ ਹੀ ਨਸ਼ਾ ਕਰਦੇ ਹਨ। ਜਦੋਂ ਨੌਜਵਾਨਾਂ ਨੂੰ ਇਸ ਥਾਂ ‘ਤੇ ਨਸ਼ਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਨੇ ਇਸ ਗੱਲ ਦਾ ਗੁੱਸਾ ਕੀਤਾ ਅਤੇ ਬਾਅਦ ਵਿੱਚ ਨਰਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ।
ਇਸ ਮੌਕੇ ਨਾਭਾ ਕੋਤਵਾਲੀ ਦੇ ਇੰਸਪੈਕਟਰ ਸਰਬਜੀਤ ਚੀਮਾ ਨੇ ਦੱਸਿਆ ਕਿ ਅਸੀਂ ਇਸ ਸਬੰਧ ‘ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਸੀਂ ਉਨ੍ਹਾਂ ਨੂੰ ਛੇਤੀ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।