ਨਵਾ ਸਾਲ ਮਨਾਉਣ ਆਏ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ—ਪੁਲਿਸ ਕਮਿਸ਼ਨਰ
Latest News: ਨਵੇਂ ਸਾਲ ਦੇ ਮੌਕੇ ‘ਤੇ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਰਣਜੀਤ ਐਵਨਿਊ ਪਹੁੰਚੇ। ਹਲਕੀ ਕਿਨ-ਮਿਨ ਬਾਰਿਸ਼ ਦੇ ਬਾਵਜੂਦ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਗਏ ਪੁਲਿਸ ਨਾਕਿਆਂ ਦੀ ਜਾਂਚ ਕੀਤੀ ਅਤੇ ਮੌਕੇ ‘ਤੇ ਤਾਇਨਾਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੁਰੂ ਨਗਰੀ ਦੇ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਸਾਰਿਆਂ ਦੇ ਘਰਾਂ ਵਿੱਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਣੀ ਰਹੇ।
ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਅਤੇ ਅਧਿਕਾਰੀ ਪੂਰੀ ਸਤਰਕਤਾ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ, ਜਿਸ ਲਈ ਉਹ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਵਾ ਸਾਲ ਮਨਾਉਣ ਲਈ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਅਤੇ ਉਨ੍ਹਾਂ ਦੀ ਆਵਾਜਾਈ ਨੂੰ ਸੁਗਮ ਬਣਾਉਣਾ ਪੁਲਿਸ ਦੀ ਪਹਿਲ ਹੈ।
ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਐਂਟੀ ਸੋਸ਼ਲ ਅਨਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਨੁਸਾਰ ਸ਼ਹਿਰ ਭਰ ਵਿੱਚ ਕੁੱਲ 99 ਪੁਲਿਸ ਨਾਕੇ ਲਗਾਏ ਗਏ ਹਨ ਅਤੇ 1300 ਤੋਂ ਵੱਧ ਪੁਲਿਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਹਨ। ਇਸ ਤੋਂ ਇਲਾਵਾ 30 ਪੈਟਰੋਲਿੰਗ ਗੱਡੀਆਂ ਅਤੇ 39 ਪੀਸੀਆਰ ਵਾਹਨ ਲਗਾਤਾਰ ਗਸ਼ਤ ਕਰ ਰਹੇ ਹਨ।
ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ 3 ਡੀਸੀਪੀ, 7 ਏਡੀਸੀਪੀ, 14 ਏਸੀਪੀ, 65 ਇੰਸਪੈਕਟਰ/ਸਬ ਇੰਸਪੈਕਟਰ ਅਤੇ ਕਰੀਬ 1250 ਪੀਪੀਆਰ/ਜਵਾਨ ਤਾਇਨਾਤ ਕੀਤੇ ਗਏ ਹਨ। ਅੰਤ ਵਿੱਚ ਪੁਲਿਸ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਸਹਿਯੋਗ ਦੀ ਅਪੀਲ ਕੀਤੀ।