ਅੰਮ੍ਰਿਤਸਰ ‘ਚ ਨਿੱਜੀ ਚੈੱਨਲ ਦੇ ਸੀਨੀਅਰ ਪੱਤਰਕਾਰ ਦੀ ਸੜਕ ਹਾਦਸੇ ’ਚ ਮੌਤ, ਮੀਡੀਆ ਜਗਤ ’ਚ ਸੋਗ ਦੀ ਲਹਿਰ
Senior journalist dies in road accident in Amritsar; ਅੰਮ੍ਰਿਤਸਰ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਲੋਕ ਚੈਨਲ ਦੇ ਸੀਨੀਅਰ ਰਿਪੋਰਟਰ ਹਰਜੀਤ ਸਿੰਘ ਗਰੇਵਾਲ ਦਾ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਜੀਤ ਗਰੇਵਾਲ ਖ਼ਬਰ ਦੀ ਕਵਰੇਜ ਲਈ ਏਅਰਪੋਰਟ ਰੋਡ ਵੱਲ ਜਾ ਰਹੇ ਸਨ।
ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਰਾਜਸਥਾਨ ਤੋਂ ਆਏ ਇਕ ਤੇਜ਼ ਰਫ਼ਤਾਰ ਟਰੱਕ ਦੇ ਡਰਾਈਵਰ ਨੇ ਬਿਨਾਂ ਸਾਈਡ ਵੇਖੇ ਅਚਾਨਕ ਟਰੱਕ ਮੋੜ ਦਿੱਤਾ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਟਰੱਕ ਦੀ ਚਪੇਟ ’ਚ ਆਉਣ ਨਾਲ ਹਰਜੀਤ ਸਿੰਘ ਗਰੇਵਾਲ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਲਾਕਾ ਨਿਵਾਸੀਆਂ ਦੀ ਸੂਝਬੂਝ ਨਾਲ ਡਰਾਈਵਰ ਅਤੇ ਉਸ ਦੇ ਹੇਲਪਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਡਰਾਈਵਰ ਅਤੇ ਹੇਲਪਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਰੀਬ 44 ਸਾਲਾ ਹਰਜੀਤ ਸਿੰਘ ਗਰੇਵਾਲ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਮੀਡੀਆ ਜਗਤ ਵਿੱਚ ਵੀ ਗਹਿਰਾ ਸੋਗ ਪਾਇਆ ਜਾ ਰਿਹਾ ਹੈ।