ਲੁਧਿਆਣਾ, ਕਤਲ ਕਾਂਡ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਮੁਲਜ਼ਮ ਗ੍ਰਿਫ਼ਤਾਰ
Ludhiana Murder News; ਲੁਧਿਆਣਾ ਦੇ ਸਲੇਮ ਟਾਬਰੀ ਵਿੱਚ ਡਰੰਮ ਵਾਲੇ ਕਤਲ ਕਾਂਡ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜਮ ਮ੍ਰਿਤਕ ਦਾ ਦੋਸਤ ਅਤੇ ਉਸਦੀ ਪਤਨੀ ਹਨ। ਦੋਵਾਂ ਨੇ ਬੜੀ ਹੀ ਦਰਿੰਦਗੀ ਨਾਲ ਉਸਦੇ ਕਤਲ ਨੂੰ ਅੰਜਾਮ ਦਿੱਤਾ ਸੀ। ਦੋਵਾਂ ਨੇ ਦਵਿੰਦਰ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੁੂੰ ਸੱਤ ਟੁਕੜਿਆਂ ਵਿੱਚ ਕੱਟ ਦਿੱਤਾ ਸੀ। ਸਿਰ ਅਤੇ ਧੜ ਡਰਮ ਦੇ ਵਿੱਚ ਲੱਤਾਂ ਅਤੇ ਬਾਹਾਂ ਨੂੰ ਵੱਢ ਕੇ ਵੱਖ ਸੁੱਟ ਦਿੱਤਾ ਗਿਆ ਸੀ ਅਲੱਗ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਵਿੱਚ ਖੁਲਾਸਾ ਕੀਤਾ ਜਾਵੇਗਾ।
ਜਲੰਧਰ ਬਾਈਪਾਸ ਨੇੜੇ ਪੈਂਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਲਾਸ਼ ਬਰਾਮਦ ਹੋਈ ਸੀ। ਇਹ ਲਾਸ਼ ਖਾਲੀ ਪਲਾਟ ਵਿੱਚ ਇੱਕ ਡਰੱਮ ਵਿੱਚ ਟੁਕੜਿਆਂ ਵਿੱਚ ਕੱਟ ਕੇ ਰੱਖੀ ਹੋਈ ਸੀ। ਇੱਕ ਰਾਹਗੀਰ ਨੇ ਲਾਸ਼ ਵੇਖੀ ਅਤੇ ਤੁਰੰਤ ਸ਼ੋਰ ਮਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਕੀਤੀ ਜਾ ਰਹੀ ਸੀ।
ਸ਼ੁਰੂ ਤੋਂ ਸ਼ੱਕ ਦੇ ਘੇਰੇ ‘ਚ ਸੀ ਦੋਸਤ
ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਵਜੋਂ ਹੋਈ ਸੀ, ਜੋ ਕਿ ਲੁਧਿਆਣਾ ਦੀ ਭਾਰਤੀ ਕਲੋਨੀ ਦਾ ਰਹਿਣ ਵਾਲਾ ਹੈ। ਦਵਿੰਦਰ ਕੰਪਿਊਟਰ ਇੰਜੀਨੀਅਰ ਸੀ ਅਤੇ ਪੰਜ ਮਹੀਨਿਆਂ ਤੋਂ ਮੁੰਬਈ ਵਿੱਚ ਕੰਮ ਕਰ ਰਿਹਾ ਸੀ। ਮੁੰਬਈ ਤੋਂ ਘਰ ਵਾਪਸ ਆਉਣ ਤੋਂ ਬਾਅਦ ਦਵਿੰਦਰ ਸਿਰਫ 15 ਮਿੰਟ ਘਰ ਰਿਹਾ। ਇਸ ਤੋਂ ਬਾਅਦ, ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਵਾਲ ਕਟਵਾਉਣ ਜਾ ਰਿਹਾ ਹੈ ਪਰ ਉਹਕਦੇ ਵਾਪਸ ਨਹੀਂ ਆਇਆ। ਨੌਜਵਾਨ ਵਿਆਹਿਆ ਹੋਇਆ ਹੈ ਅਤੇ ਉਸਦੀ 7 ਮਹੀਨੇ ਦੀ ਧੀ ਹੈ।
ਸੀਸੀਟੀਵੀ ਫੁਟੇਜ ਤੇ ਆਧਾਰ ਤੇ ਪੁਲਿਸ ਨੂੰ ਸ਼ੁਰੂ ਤੋਂ ਹੀ ਮ੍ਰਿਤਕ ਦੇ ਦੋਸਤ ਸ਼ੇਰਾ ‘ਤੇ ਕਤਲ ਦਾ ਸ਼ੱਕ ਸੀ। ਸ਼ੇਰਾ ਉਸਦੇ ਘਰ ਦੇ ਨੇੜੇ ਇੱਕ ਗਲੀ ਵਿੱਚ ਰਹਿੰਦਾ ਹੈ। ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਵਿੱਚ ਸ਼ੇਰਾ ਆਪਣੇ ਕਿਸੇ ਹੋਰ ਦੋਸਤ ਨਾਲ ਬਾਈਕ ‘ਤੇ ਡਰੱਮ ਲੈ ਕੇ ਜਾਂਦੇ ਦਿਖਾਈ ਦੇ ਰਿਹਾ ਸੀ। ਜਿਸਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਅੱਜ ਉਸਨੂੰ ਕਾਬੂ ਕਰ ਲਿਆ। ਹੁਣ ਪੁਲਿਸ ਖੁਲਾਸਾ ਕਰੇਗਾ ਕਿ ਆਖਿਰ ਇਨ੍ਹੀ ਬੇਦਰਦੀ ਨਾਲ ਕੀਤੇ ਗਏ ਆਪਣੇ ਹੀ ਦੋਸਤ ਦੇ ਕਤਲ ਪਿੱਛੇ ਕੀ ਵਜ੍ਹਾ ਸੀ।