ਲੋਹੜੀ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ, ਅੰਮ੍ਰਿਤਸਰ ਬੱਸ ਸਟੈਂਡ ’ਤੇ ਸਖ਼ਤ ਸੁਰੱਖਿਆ ਚੈਕਿੰਗ
Strict security checking at Amritsar bus stand; ਅੰਮ੍ਰਿਤਸਰ ਲੋਹੜੀ ਅਤੇ 26 ਜਨਵਰੀ ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ’ਤੇ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਗਏ। ਅੱਜ ਏਸੀਪੀ ਅਨੁਭਵ ਜੈਨ ਦੀ ਅਗਵਾਈ ਹੇਠ ਥਾਣਾ ਰਾਮ ਬਾਗ ਦੇ ਪੁਲਿਸ ਅਧਿਕਾਰੀਆਂ ਅਤੇ ਬੱਸ ਸਟੈਂਡ ਪੁਲਿਸ ਚੌਕੀ ਦੀ ਫੋਰਸ ਵੱਲੋਂ ਆਉਣ–ਜਾਣ ਵਾਲੇ ਹਰ ਯਾਤਰੀ ਅਤੇ ਉਨ੍ਹਾਂ ਦੇ ਸਮਾਨ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ।
ਏਸੀਪੀ ਅਨੁਭਵ ਜੈਨ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਮੌਸਮ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਬੱਸ ਸਟੈਂਡ ਵਰਗੀਆਂ ਭੀੜਭਾੜ ਵਾਲੀਆਂ ਥਾਵਾਂ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਅਨੁਸਾਰ, ਸਮਾਜ ਵਿਰੋਧੀ ਤੱਤਾਂ ’ਤੇ ਨਜ਼ਰ ਰੱਖਣ ਲਈ ਸਖ਼ਤ ਨਾਕਾਬੰਦੀ ਅਤੇ ਰਿਕਾਰਡਿੰਗ ਕੀਤੀ ਜਾ ਰਹੀ ਹੈ। ਏਸੀਪੀ ਜੈਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ, ਲਾਵਾਰਿਸ ਵਸਤੂ ਜਾਂ ਖ਼ਤਰਨਾਕ ਸਮੱਗਰੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਉਨ੍ਹਾਂ ਨੇ ਚਾਈਨਾ ਡੋਰ ਦੇ ਖ਼ਿਲਾਫ਼ ਚਲ ਰਹੇ ਅਭਿਆਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਤਰ ਦੀਆਂ ਦੁਕਾਨਾਂ ਨੂੰ ਚਾਈਨਾ ਡੋਰ ਨਾ ਵੇਚਣ ਬਾਰੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਦੁਕਾਨਦਾਰਾਂ ਨਾਲ ਚੈਕਿੰਗ ਅਤੇ ਗੱਲਬਾਤ ਵੀ ਕੀਤੀ ਗਈ ਹੈ। ਅੱਜ ਵੀ ਇਹ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਜੇਕਰ ਕਿਤੇ ਇਸ ਦੀ ਵਿਕਰੀ ਹੋ ਰਹੀ ਹੋਵੇ ਤਾਂ ਥਾਣਾ, ਡਿਵੀਜ਼ਨ ਜਾਂ ਬੱਸ ਸਟੈਂਡ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਜਾਵੇ।
ਏਸੀਪੀ ਅਨੁਭਵ ਜੈਨ ਨੇ ਦੱਸਿਆ ਕਿ ਬੱਸ ਸਟੈਂਡ ’ਤੇ ਏਆਰਪੀ ਦੀ ਇੱਕ ਟੀਮ ਪਹਿਲਾਂ ਹੀ ਤਾਇਨਾਤ ਹੈ ਅਤੇ ਇਕ ਹੋਰ ਟੀਮ ਨੂੰ ਵੀ ਲਗਾਇਆ ਗਿਆ ਹੈ। ਦੋਵੇਂ ਟੀਮਾਂ ਮਿਲ ਕੇ ਪੂਰੇ ਦਿਨ ਦੌਰਾਨ ਸਖ਼ਤ ਚੈਕਿੰਗ ਕਰਨਗੀਆਂ।
ਅੰਤ ਵਿੱਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਹੜੀ ਅਤੇ ਗਣਤੰਤਰ ਦਿਵਸ ਨੂੰ ਸ਼ਾਂਤੀਪੂਰਨ ਅਤੇ ਦੇਸ਼ ਦੀ ਸ਼ਾਨ ਦੇ ਅਨੁਕੂਲ ਢੰਗ ਨਾਲ ਮਨਾਇਆ ਜਾਵੇ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਜਾਵੇ।