ਪੰਜਾਬ ਤੋਂ ਅਧਿਆਪਕਾਂ ਦਾ ਦੂਜਾ ਬੈੱਚ ਜਾਵੇਗਾ ਫਿਨਲੈਂਡ, CM ਮਾਨ ਅੱਜ ਡੈਲੀਗੇਸ਼ਨ ਨੂੰ ਕਰਨਗੇ ਰਵਾਨਾ
Batch of Teachers To Go To Finland: ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਵਫ਼ਦ ਸਿਖਲਾਈ ਲਈ 15 ਮਾਰਚ ਨੂੰ ਫਿਨਲੈਂਡ ਲਈ ਰਵਾਨਾ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਟੀਮ ਨੂੰ ਮਿਲ ਕੇ ਰਵਾਨਾ ਕਰਨਗੇ।
ਇਸ ਮੌਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਸਵੇਰੇ 10.30 ਵਜੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਿਰਕਤ ਕਰਨਗੇ। ਸਰਕਾਰ ਦਾ ਉਦੇਸ਼ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਕਲਾਸ ਰੂਮ ਦੇ ਡਰ ਨੂੰ ਖ਼ਤਮ ਕਰਨਾ ਹੈ।
ਪੰਜਾਬ ਸਰਕਾਰ ਦਾ ਇਹ ਦੂਜਾ ਬੈਚ ਹੈ, ਜਿਸ ਨੂੰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਸਰਕਾਰ ਨੇ ਤੁਰਕੂ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਕੀਤਾ ਹੈ। ਜਿਸ ਤਹਿਤ ਅਧਿਆਪਕਾਂ ਨੂੰ ਇੱਕ ਹਫ਼ਤੇ ਦੀ ਸਿਖਲਾਈ ਪੰਜਾਬ ਵਿੱਚ ਅਤੇ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ਵਿੱਚ ਹੋਵੇਗੀ। ਸਰਕਾਰ ਵੱਲੋਂ ਸੂਬੇ ਦੇ 132 ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈਸ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। “ਸਕੂਲ ਆਫ ਹੈਪੀਨੈਸ” ਪ੍ਰੋਜੈਕਟ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਗਿਆ ਹੈ।
43 ਸਾਲ ਤੋਂ ਘੱਟ ਉਮਰ ਦੇ ਟੀਚਰ ਸਿਖਲਾਈ ‘ਤੇ
ਜਿਨ੍ਹਾਂ ਅਧਿਆਪਕਾਂ ਨੂੰ ਸਰਕਾਰ ਸਿਖਲਾਈ ‘ਤੇ ਭੇਜ ਰਹੀ ਹੈ। ਉਨ੍ਹਾਂ ਦੀ ਸੇਵਾਮੁਕਤੀ ‘ਚ ਅਜੇ ਲੰਮਾ ਸਮਾਂ ਹੈ। ਸਰਕਾਰ ਨੇ ਸਿਖਲਾਈ ਵਿੱਚ ਸ਼ਾਮਲ ਹੋਣ ਲਈ ਅਧਿਆਪਕਾਂ ਦੀ ਵੱਧ ਤੋਂ ਵੱਧ ਉਮਰ 43 ਸਾਲ ਨਿਰਧਾਰਤ ਕੀਤੀ ਸੀ। ਸਰਕਾਰ ਨੇ ਸਪੱਸ਼ਟ ਕਿਹਾ ਸੀ ਕਿ ਉਨ੍ਹਾਂ ਦੀ ਉਮਰ 31 ਜਨਵਰੀ 2025 ਤੱਕ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। HT, CHT ਅਤੇ BPEO ਅਸਾਮੀਆਂ ਲਈ ਵੱਧ ਤੋਂ ਵੱਧ ਉਮਰ 48 ਸਾਲ ਨਿਰਧਾਰਤ ਕੀਤੀ ਗਈ ਹੈ।
ਬਿਨੈਕਾਰ ਕੋਲ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਸ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਜਾਂ ਜਾਂਚ ਨਹੀਂ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਆਉਂਦੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੰਗਾਪੁਰ, ਆਈਆਈਐਮ ਅਹਿਮਦਾਬਾਦ ਸਮੇਤ ਕਈ ਨਾਮੀ ਥਾਵਾਂ ਤੋਂ ਸਿਖਲਾਈ ਦਿੱਤੀ ਗਈ ਹੈ।