ਪੰਜਾਬ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਦੇ ਕਾਰਡ ਬਣਨਾ ਸ਼ੁਰੂ
Chief Minister Health Insurance Scheme Start in Punjab; ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡ ਬਣਾਉਣ ਦੀ ਪ੍ਰਕਿਰਿਆ ਨਿਰਮਲ ਕੁਟੀਆ ਪਵਿੱਤਰ ਵੇਈਂ, ਸੁਲਤਾਨਪੁਰ ਲੋਧੀ ਵਿਖੇ ਸ਼ੁਰੂ ਹੋ ਗਈ ਹੈ। ਇਸ ਯੋਜਨਾ ਦੀ ਔਪਚਾਰਿਕ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।
ਨਿਰਮਲ ਕੁਟੀਆ ਵਿੱਚ ਇਹ ਕੈਂਪ ਕਈ ਦਿਨਾਂ ਤੱਕ ਲਗਾਤਾਰ ਚਲੇਗਾ, ਜਿੱਥੇ ਲੋਕ ਆਪਣੇ ਅਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਹਾਜ਼ਰ ਹੋ ਕੇ ਸਿਹਤ ਬੀਮਾ ਕਾਰਡ ਤਿਆਰ ਕਰਵਾ ਸਕਦੇ ਹਨ।
ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਹਤ ਬੀਮਾ ਯੋਜਨਾ ਪੰਜਾਬ ਵਾਸੀਆਂ ਲਈ ਇਕ ਇਤਿਹਾਸਕ ਕਦਮ ਹੈ, ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਿਹਤ ਸਹੂਲਤਾਂ ਕਈ ਵਾਰ ਵਿਦੇਸ਼ਾਂ ਵਿੱਚ ਵੀ ਉਪਲਬਧ ਨਹੀਂ ਹੁੰਦੀਆਂ, ਜੋ ਅੱਜ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਇਸ ਕਾਰਡ ਦੇ ਰਾਹੀਂ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਸੰਭਵ ਹੈ ਅਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਬਿਨਾਂ ਨਕਦੀ ਇਲਾਜ ਕਰਵਾਇਆ ਜਾ ਸਕੇਗਾ।
ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਿਹਤ ਖੇਤਰ ਵਿੱਚ ਮਿਸਾਲ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ ਅਤੇ ਇਸ ਦਾ ਲਾਭ ਹਰ ਨਾਗਰਿਕ ਲੈ ਸਕਦਾ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਇਸ ਯੋਜਨਾ ਲਈ ਕੋਈ ਆਮਦਨ ਸਰਟੀਫਿਕੇਟ ਲੋੜੀਂਦਾ ਨਹੀਂ ਅਤੇ ਸਰਕਾਰੀ ਮੁਲਾਜ਼ਮ ਵੀ ਇਹ ਕਾਰਡ ਬਣਵਾ ਸਕਦੇ ਹਨ। ਇਸ ਦੇ ਨਾਲ ਹੀ ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਇਲਾਜ ਵੀ ਇਸ ਸਕੀਮ ਅਧੀਨ ਕੀਤਾ ਜਾਵੇਗਾ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਅਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਕੈਂਪ ਵਿੱਚ ਪਹੁੰਚਣ। ਉਨ੍ਹਾਂ ਦੱਸਿਆ ਕਿ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਇਹ ਕੈਂਪ ਕਈ ਦਿਨਾਂ ਤੱਕ ਜਾਰੀ ਰਹੇਗਾ।
ਇਸ ਮੌਕੇ ਏ.ਸੀ.ਐਸ ਡਾ. ਅਨੂ ਸ਼ਰਮਾ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਅਮਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਰਹੇ।