ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਦਾ ਮਾਮਲਾ ਭੱਖਿਆ, SGPC ਵੱਲੋਂ ਦਰਜ ਹੋਵੇਗੀ FIR
Golden Temple Controversy: ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਰਵੋਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਕ ਮੁਸਲਿਮ ਨੌਜਵਾਨ ਵੱਲੋਂ ‘ਵਜ਼ੂ’ ਕਰਨ ਦਾ ਮਾਮਲਾ ਲਗਾਤਾਰ ਵਿਵਾਦ ਬਣਿਆ ਹੋਇਆ ਹੈ। ਨੌਜਵਾਨ ਵੱਲੋਂ ਦੋ ਵਾਰ ਮੁਆਫ਼ੀ ਮੰਗਣ ਦੇ ਬਾਵਜੂਦ ਵੀ ਸਿੱਖ ਸੰਗਤ ਵਿੱਚ ਭਾਰੀ ਨਾਰਾਜ਼ਗੀ ਵੇਖੀ ਜਾ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਐਸਜੀਪੀਸੀ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਬੇਅਦਬੀ ਦੇ ਇਰਾਦੇ ਨਾਲ ਅੰਦਰ ਆਇਆ ਸੀ। ਉਹ ਲਗਭਗ 20 ਮਿੰਟ ਤੱਕ ਹਰਿਮੰਦਰ ਸਾਹਿਬ ਵਿੱਚ ਰਿਹਾ ਪਰ ਮੱਥਾ ਨਹੀਂ ਟੇਕਿਆ।
ਇਸ ਮਾਮਲੇ ਵਿੱਚ ਕਾਰਵਾਈ ਨਾ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਆਲੋਚਨਾ ਹੋ ਰਹੀ ਸੀ। ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਗੁਜਰਾਤ ਦੀ ਅਰਚਨਾ ਮਕਵਾਨਾ ਵਰਗੇ ਨੌਜਵਾਨ ‘ਤੇ ਮਾਮਲਾ ਦਰਜ ਨਾ ਕੀਤੇ ਜਾਣ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇਸ ਦੇ ਨਾਲ ਹੀ SGPC ਵੱਲੋਂ ਕੁਝ ਕਦਮ ਨਾ ਚੁੱਕੇ ਜਾਣ ‘ਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਨਿਹੰਗਾਂ ਨੇ ਸ਼ਿਕਾਇਤ ਦਿੱਤੀ ਸੀ। ਇਸ ਵਿੱਚ ਨਿਹੰਗਾਂ ਨੇ ਕਿਹਾ ਕਿ ਨੌਜਵਾਨ ਵੱਲੋਂ ਕੀਤੀ ਗਈ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਨਿਹੰਗਾਂ ਨੇ ਚੇਤਾਵਨੀ ਦਿੱਤੀ ਕਿ ਸਿੱਖ ਕੌਮ ‘ਤੇ ਅਕਸਰ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਦੇ ਦੋਸ਼ ਲੱਗਦੇ ਹਨ, ਇਸ ਲਈ ਉਹ ਸਭ ਤੋਂ ਪਹਿਲਾਂ ਕਾਨੂੰਨ ਦੇ ਦਾਇਰੇ ‘ਚ ਆ ਕੇ ਪੁਲਿਸ ਕੋਲ ਆਉਣ।
ਉਹ ਚਾਹੁੰਦੇ ਹਨ ਕਿ ਉਹ ਜਨਤਕ ਤੌਰ ‘ਤੇ ਆ ਕੇ ਸਿੱਖ ਮਰਿਆਦਾ ਅਨੁਸਾਰ ਮੁਆਫ਼ੀ ਮੰਗੇ, ਨਹੀਂ ਤਾਂ ਉਨ੍ਹਾਂ ਕੋਲ ਨੌਜਵਾਨਾਂ ਨਾਲ ਸਬੰਧਤ ਪੂਰੀ ਜਾਣਕਾਰੀ ਹੈ। ਗਾਜ਼ੀਆਬਾਦ ਪੁਲਿਸ ਨੇ ਇਸ ਮਾਮਲੇ ਦੀ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਸਲਿਮ ਨੌਜਵਾਨ ਸੁਭਾਨ ਰੰਗਰੀਜ਼ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਉਸ ਤੋਂ ਪੁੱਛਗਿੱਛ ਕਰੇਗੀ।