ਮੁੱਖ ਮੰਤਰੀ ਸਿਹਤ ਯੋਜਨਾ ਨੂੰ ਜ਼ਬਰਦਸਤ ਹੁੰਗਾਰਾ, ਦੋ ਦਿਨਾਂ ਵਿੱਚ ਹਜ਼ਾਰਾਂ ਪਰਿਵਾਰਾਂ ਦੀ ਰਜਿਸਟ੍ਰੇਸ਼ਨ
Latest News: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਯੋਜਨਾ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨਾਲ ਸਬੰਧਤ 65 ਲੱਖ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ (ਕੈਸ਼ਲੈੱਸ) ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਯੋਜਨਾ ਦੀ ਸ਼ੁਰੂਆਤ ਦੇ ਦੂਜੇ ਦਿਨ ਹੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੋ ਦਿਨਾਂ ਦੇ ਅੰਦਰ 5703 ਪਰਿਵਾਰਾਂ ਅਤੇ 9324 ਵਿਅਕਤੀਆਂ ਨੇ ਵੱਖਰੇ ਤੌਰ ’ਤੇ ਆਪਣੀ ਰਜਿਸਟਰੇਸ਼ਨ ਕਰਵਾ ਲਈ ਹੈ। ਸੂਬੇ ਦੇ ਮੰਤਰੀ ਤੇ ਵਿਧਾਇਕ ਇਸ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਅੰਕੜਿਆਂ ਮੁਤਾਬਕ ਪਟਿਆਲਾ ਜ਼ਿਲ੍ਹਾ ਰਜਿਸਟਰੇਸ਼ਨ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 628 ਪਰਿਵਾਰਾਂ ਨੇ ਨਾਮ ਦਰਜ ਕਰਵਾਇਆ ਹੈ। ਜਲੰਧਰ ਵਿੱਚ 472 ਅਤੇ ਅੰਮ੍ਰਿਤਸਰ ਵਿੱਚ 435 ਪਰਿਵਾਰਾਂ ਨੇ ਯੋਜਨਾ ਦਾ ਲਾਭ ਲੈਣ ਲਈ ਪਹਿਲਕਦਮੀ ਕੀਤੀ ਹੈ। ਲੁਧਿਆਣਾ ਵਿੱਚ 399, ਬਠਿੰਡਾ ਵਿੱਚ 372, ਗੁਰਦਾਸਪੁਰ ਵਿੱਚ 349, ਸੰਗਰੂਰ ਵਿੱਚ 334, ਫਿਰੋਜ਼ਪੁਰ ਵਿੱਚ 297, ਮੋਗਾ ਵਿੱਚ 232, ਮਾਨਸਾ ਵਿੱਚ 229, ਹੁਸ਼ਿਆਰਪੁਰ ਵਿੱਚ 218, ਸ੍ਰੀ ਮੁਕਤਸਰ ਸਾਹਿਬ ਵਿੱਚ 216, ਫਰੀਦਕੋਟ ਵਿੱਚ 215, ਮੁਹਾਲੀ ਵਿੱਚ 213, ਰੋਪੜ ਵਿੱਚ 158, ਪਠਾਨਕੋਟ ਵਿੱਚ 149, ਫਾਜ਼ਿਲਕਾ ਵਿੱਚ 146, ਕਪੂਰਥਲਾ ਵਿੱਚ 139, ਬਰਨਾਲਾ ਵਿੱਚ 138, ਤਰਨਤਾਰਨ ਵਿੱਚ 163, ਫਤਹਿਗੜ੍ਹ ਸਾਹਿਬ ਵਿੱਚ 109, ਮਲੇਰਕੋਟਲਾ ਵਿੱਚ 59 ਅਤੇ ਨਵਾਂਸ਼ਹਿਰ ਵਿੱਚ 33 ਪਰਿਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਕੈਬਨਿਟ ਮੰਤਰੀ ਅਤੇ ਵਿਧਾਇਕ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਗਰਮ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਿਹਤ ਕਾਰਡ ਕੇਂਦਰਾਂ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਲਾਲ ਚੰਦ ਕਟਾਰੂਚੱਕ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਗਰੀਬ ਵਰਗ ਵੀ ਨਿੱਜੀ ਹਸਪਤਾਲਾਂ ਵਿੱਚ ਵਧੀਆ ਇਲਾਜ ਕਰਵਾ ਸਕੇਗਾ।
ਆਧਾਰ ਤੇ ਵੋਟਰ ਕਾਰਡ ਨਾਲ ਹੋਵੇਗੀ ਰਜਿਸਟਰੇਸ਼ਨ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਲੋਕਾਂ ਦੀ ਸਿਰਫ਼ ਆਧਾਰ ਕਾਰਡ ਅਤੇ ਵੋਟਰ ਕਾਰਡ ਰਾਹੀਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਕੇਂਦਰਾਂ ’ਤੇ ਭੀੜ ਕੰਟਰੋਲ ਕਰਨ ਲਈ ਯੂਥ ਕਲੱਬਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਟੋਕਣ ਸਿਸਟਮ ਲਾਗੂ ਕੀਤਾ ਗਿਆ ਹੈ। ਇਨ੍ਹਾਂ ਟੋਕਨ ਨਾਲ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਕੇਂਦਰਾਂ ’ਤੇ 10 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਦੇ ਸਿਹਤ ਕਾਰਡ ਬਣਾਏ ਜਾਣਗੇ।
850 ਹਸਪਤਾਲਾਂ ’ਚ ਹੋਵੇਗਾ ਮੁਫ਼ਤ ਇਲਾਜ
ਯੋਜਨਾ ਤਹਿਤ ਸੂਬੇ ਦੇ 850 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 2300 ਤੋਂ ਵੱਧ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟਾਂ ਲਈ ਵੀ ਕੋਈ ਪੈਸਾ ਨਹੀਂ ਦੇਣਾ ਪਵੇਗਾ। ਇਸ ਦੌਰਾਨ ਆਰਥੋਪੈਡਿਕਸ, ਜਨਰਲ ਮੈਡੀਸਨ, ਦਿਲ ਦੇ ਰੋਗ (ਕਾਰਡੀਓਲੋਜੀ), ਦਿਮਾਗ ਦੇ ਰੋਗ (ਨਿਊਰੋਲੋਜੀ), ਗੁਰਦੇ ਦੇ ਰੋਗ (ਨੈਫਰੋਲੋਜੀ) ਅਤੇ ਕੈਂਸਰ (ਓਨਕੋਲੋਜੀ) ਵਰਗੀਆਂ ਗੰਭੀਰ ਬਿਮਾਰੀਆਂ ਲਈ ਵਿਸ਼ੇਸ਼ ਸੇਵਾਵਾਂ ਮਿਲਣਗੀਆਂ।