ਪੰਜਾਬ ’ਚ ਗੰਨੇ ਦਾ ਝਾੜ ਘਟਿਆ, ਕਿਸਾਨਾਂ ਨੇ ਕਿਹਾ…

ਪੰਜਾਬ ’ਚ ਗੰਨੇ ਦਾ ਝਾੜ ਐਤਕੀਂ ਕਾਫ਼ੀ ਘਟਿਆ ਹੈ ਜਿਸ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਪ੍ਰਤੀ ਏਕੜ ਪਿੱਛੇ 25 ਤੋਂ 35 ਹਜ਼ਾਰ ਰੁਪਏ ਦਾ ਘਾਟਾ ਪਿਆ ਹੈ। ਵੇਰਵਿਆਂ ਅਨੁਸਾਰ ਸੂਬੇ ’ਚ ਗੰਨੇ ਦੀ ਪੈਦਾਵਾਰ ਪ੍ਰਤੀ ਏਕੜ 60 ਤੋਂ 80 ਕੁਇੰਟਲ ਘੱਟ ਨਿਕਲ ਰਹੀ ਹੈ। ਅਨੁਮਾਨ ਮੁਤਾਬਿਕ ਕਿਸਾਨਾਂ ਨੂੰ ਕਰੀਬ 250 ਕਰੋੜ ਰੁਪਏ ਦਾ ਘਾਟਾ ਪਿਆ ਹੈ। […]
Amritpal Singh
By : Updated On: 11 Feb 2026 08:46:AM
ਪੰਜਾਬ ’ਚ ਗੰਨੇ ਦਾ ਝਾੜ ਘਟਿਆ, ਕਿਸਾਨਾਂ ਨੇ ਕਿਹਾ…

ਪੰਜਾਬ ’ਚ ਗੰਨੇ ਦਾ ਝਾੜ ਐਤਕੀਂ ਕਾਫ਼ੀ ਘਟਿਆ ਹੈ ਜਿਸ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਪ੍ਰਤੀ ਏਕੜ ਪਿੱਛੇ 25 ਤੋਂ 35 ਹਜ਼ਾਰ ਰੁਪਏ ਦਾ ਘਾਟਾ ਪਿਆ ਹੈ। ਵੇਰਵਿਆਂ ਅਨੁਸਾਰ ਸੂਬੇ ’ਚ ਗੰਨੇ ਦੀ ਪੈਦਾਵਾਰ ਪ੍ਰਤੀ ਏਕੜ 60 ਤੋਂ 80 ਕੁਇੰਟਲ ਘੱਟ ਨਿਕਲ ਰਹੀ ਹੈ। ਅਨੁਮਾਨ ਮੁਤਾਬਿਕ ਕਿਸਾਨਾਂ ਨੂੰ ਕਰੀਬ 250 ਕਰੋੜ ਰੁਪਏ ਦਾ ਘਾਟਾ ਪਿਆ ਹੈ।

ਦੂਜੇ ਪਾਸੇ, ਚੰਗਾ ਪੱਖ ਇਹ ਉੱਭਰਿਆ ਹੈ ਕਿ ਇਸ ਵਾਰ ਕਿਧਰੇ ਵੀ ਖੰਡ ਮਿੱਲਾਂ ’ਚ ਭੀੜਾਂ ਨਹੀਂ ਹਨ; ਇੱਥੋਂ ਤੱਕ ਕਿ ਦਸੰਬਰ-ਜਨਵਰੀ ’ਚ ਵੀ ਖੰਡ ਮਿੱਲਾਂ ਦੇ ਯਾਰਡ ਖ਼ਾਲੀ ਸਨ। ਪਹਿਲੋਂ 24-24 ਘੰਟੇ ਮਿੱਲਾਂ ’ਚ ਭੀੜ ਰਹਿੰਦੀ ਸੀ ਤੇ ਹੁਣ ਕਿਸਾਨ ਛੇ ਘੰਟਿਆਂ ’ਚ ਹੀ ਵਿਹਲੇ ਹੋ ਜਾਂਦੇ ਹਨ। ਸੂਬੇ ’ਚ ਸਹਿਕਾਰੀ ਤੇ ਨਿੱਜੀ ਖੇਤਰ ਦੀਆਂ 15 ਖੰਡ ਮਿੱਲਾਂ ਹਨ। ਸਾਰੀਆਂ ਖੰਡ ਮਿੱਲਾਂ ਹੀ ਐਤਕੀਂ ਆਪਣੇ ਸਮਰੱਥਾ ਤੋਂ ਘੱਟ ਚੱਲ ਰਹੀਆਂ ਹਨ। ਵੇਰਵਿਆਂ ਅਨੁਸਾਰ ਖੰਡ ਮਿੱਲ ਮਾਲਕਾਂ ’ਚ ਇਸ ਵਾਰ ਕਿਸਾਨਾਂ ਤੋਂ ਗੰਨਾ ਲੈਣ ਦੀ ਦੌੜ ਲੱਗੀ ਹੋਈ ਹੈ ਅਤੇ ਮਿੱਲਾਂ ਕਿਸਾਨਾਂ ਨੂੰ 85 ਫ਼ੀਸਦ ਤੱਕ ਦੀ ਪੇਸ਼ਗੀ ਅਦਾਇਗੀ ਕਰ ਰਹੀਆਂ ਹਨ। ਪਹਿਲਾਂ ਕਿਸਾਨਾਂ ਨੂੰ ਰੁਲਣਾ ਪੈਂਦਾ ਸੀ ਤੇ ਖੰਡ ਮਿੱਲਾਂ ਤੋਂ ਬਕਾਏ ਲੈਣ ਲਈ ਪ੍ਰਦਰਸ਼ਨ ਕਰਨੇ ਪੈਂਦੇ ਸਨ। ਇਹ ਵੱਖਰੀ ਗੱਲ ਹੈ ਕਿ ਫਗਵਾੜਾ ਖੰਡ ਮਿੱਲ ਵੱਲ ਕਿਸਾਨਾਂ ਦੇ 2021-22 ਦੇ ਕਰੀਬ 27.74 ਕਰੋੜ ਦੇ ਬਕਾਏ ਖੜ੍ਹੇ ਹਨ।
ਪੰਜਾਬ ’ਚ ਲੰਘੇ ਪੰਜ ਵਰ੍ਹਿਆਂ ਦੌਰਾਨ ਗੰਨੇ ਹੇਠ ਰਕਬਾ ਕਰੀਬ ਇੱਕ ਲੱਖ ਹੈਕਟੇਅਰ ਰਿਹਾ ਹੈ ਜੋ ਇਸ ਵਾਰ ਘਟ ਕੇ ਕਰੀਬ 90 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਪੰਜਾਬ ’ਚ ਆਏ ਹੜ੍ਹਾਂ ਕਾਰਨ ਵੀ ਸੂਬੇ ’ਚ 28,931 ਏਕੜ ਗੰਨੇ ਦੀ ਫ਼ਸਲ ਵੀ ਨੁਕਸਾਨੀ ਗਈ ਸੀ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਆਖਦੇ ਹਨ ਕਿ ਇਸ ਵਾਰ ਗੰਨੇ ਦੀ ਪੈਦਾਵਾਰ ਪ੍ਰਤੀ ਏਕੜ 80 ਤੋਂ 100 ਕੁਇੰਟਲ ਤੱਕ ਘਟੀ ਹੈ। ਸਰਕਾਰ ਨੂੰ ਗੰਨੇ ਹੇਠ ਰਕਬਾ ਵਧਾਉਣ ਬਾਰੇ ਮੰਥਨ ਕਰਨਾ ਚਾਹੀਦਾ ਹੈ ਤੇ ਪੁਰਾਣੇ ਬਕਾਏ ਕਲੀਅਰ ਕਰਨੇ ਚਾਹੀਦੇ ਹਨ।

ਖੇਤੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਦੇ ਅਨੁਮਾਨ ਮੁਤਾਬਿਕ ਪਿਛਲੇ ਸਾਲ ਗੰਨੇ ਦਾ ਝਾੜ ਔਸਤਨ 350 ਕੁਇੰਟਲ ਸੀ, ਜੋ ਐਤਕੀਂ ਘਟ ਕੇ 270-280 ਕੁਇੰਟਲ ਪ੍ਰਤੀ ਏਕੜ ਰਹਿ ਗਿਆ ਹੈ। ਖੰਡ ਮਿੱਲਾਂ ’ਚ ਗੰਨਾ ਪਿੜਾਈ ਦਾ ਸੀਜ਼ਨ ਅਜੇ ਜਾਰੀ ਹੈ ਅਤੇ ਹੁਣ ਤੱਕ 350 ਲੱਖ ਕੁਇੰਟਲ ਤੋਂ ਵੱਧ ਗੰਨਾ ਪਿੜਾਈ ਲਈ ਖੰਡ ਮਿੱਲਾਂ ’ਚ ਆ ਚੁੱਕਾ ਹੈ। ਗੰਨਾ ਕਮਿਸ਼ਨਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਸ਼ੁਰੂਆਤੀ ਅਨੁਮਾਨਾਂ ’ਚ ਗੰਨੇ ਦੀ ਫ਼ਸਲ ਦਾ ਝਾੜ ਪਿਛਲੇ ਸਾਲ ਨਾਲੋਂ ਘੱਟ ਹੈ ਪਰ ਹਾਲੇ ਫ਼ਸਲ ਦੀ ਕਟਾਈ ਚੱਲ ਰਹੀ ਹੈ।

ਖੰਡ ਦੀ ਰਿਕਵਰੀ ਵੀ ਘੱਟ: ਰਾਣਾ ਇੰਦਰ ਪ੍ਰਤਾਪ
ਰਾਣਾ ਸ਼ੂਗਰਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਵਾਰ ਖੰਡ ਦੀ ਰਿਕਵਰੀ ਵੀ ਘੱਟ ਹੈ ਜੋ ਪਿਛਲੇ ਸਾਲ 8.96 ਫ਼ੀਸਦ ਸੀ। ਮਾਰਚ ’ਚ ਸੀਜ਼ਨ ਮੁੱਕਣ ਮਗਰੋਂ ਅਸਲ ਤਸਵੀਰ ਸਾਹਮਣੇ ਆਏਗੀ। ਲੋੜ ਹੈ ਕਿ ਕਿਸਾਨ ਗੰਨੇ ਦੀ ਕਟਾਈ ਦਾ ਕੰਮ ਵੀ ਹੁਣ ਮਕੈਨੀਕਲ ਕਰਨ ਕਿਉਂਕਿ ਮਕੈਨੀਕਲ ਕਟਾਈ ਨਾਲ ਕਿਸਾਨਾਂ ਦੇ ਲਾਗਤ ਖ਼ਰਚੇ ’ਚ ਵੀ 20 ਫ਼ੀਸਦ ਤੱਕ ਦੀ ਕਟੌਤੀ ਹੋਵੇਗੀ।

Read Latest News and Breaking News at Daily Post TV, Browse for more News

Ad
Ad