ਤਿੰਨ ਖੇਤੀ ਕਾਨੂੰਨਾਂ ਵਾਂਗ ਕਿਤੇ ਅਮਰੀਕਾ ਸਮਝੌਤੇ ‘ਤੇ ਵੀ ਯੂ-ਟਰਨ ਨਾ ਮਾਰ ਜਾਇਓ ਜਾਖੜ ਸਾਹਿਬ: ਪੰਨੂ

Baltej Pannu statement; ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨਾਲ ਹੋਇਆ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹੱਕ ਵਿੱਚ ਹੈ ਤਾਂ ਰੋਜ਼ਾਨਾ ਪ੍ਰੈੱਸ ਕਾਨਫਰੰਸਾਂ ਕਰਨ ਦੀ ਥਾਂ ਭਾਜਪਾ ਹਾਈ ਕਮਾਂਡ ਨੂੰ ਕਹਿ ਕੇ ਉਸ ਸਮਝੌਤੇ ਦੀ ਪੂਰੀ ਡਿਟੇਲ […]
Jaspreet Singh
By : Published: 11 Feb 2026 20:21:PM
ਤਿੰਨ ਖੇਤੀ ਕਾਨੂੰਨਾਂ ਵਾਂਗ ਕਿਤੇ ਅਮਰੀਕਾ ਸਮਝੌਤੇ ‘ਤੇ ਵੀ ਯੂ-ਟਰਨ ਨਾ ਮਾਰ ਜਾਇਓ ਜਾਖੜ ਸਾਹਿਬ: ਪੰਨੂ
baltej_pannu_9551395

Baltej Pannu statement; ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨਾਲ ਹੋਇਆ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹੱਕ ਵਿੱਚ ਹੈ ਤਾਂ ਰੋਜ਼ਾਨਾ ਪ੍ਰੈੱਸ ਕਾਨਫਰੰਸਾਂ ਕਰਨ ਦੀ ਥਾਂ ਭਾਜਪਾ ਹਾਈ ਕਮਾਂਡ ਨੂੰ ਕਹਿ ਕੇ ਉਸ ਸਮਝੌਤੇ ਦੀ ਪੂਰੀ ਡਿਟੇਲ ਅਤੇ ਕਾਪੀਆਂ ਜਨਤਕ ਕਿਉਂ ਨਹੀਂ ਕਰ ਦਿੰਦੇ।

ਪਨੂੰ ਨੇ ਕਿਹਾ ਕਿ ਜਾਖੜ ਸਾਹਿਬ ਲਗਭਗ ਹਰ ਰੋਜ਼ ਪ੍ਰੈੱਸ ਕਾਨਫਰੰਸਾਂ ਕਰ ਕੇ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਭਾਰਤ ਅਤੇ ਖਾਸ ਤੌਰ ‘ਤੇ ਕਿਸਾਨਾਂ ਲਈ ਲਾਹੇਵੰਦ ਦੱਸ ਰਹੇ ਹਨ, ਪਰ ਅਜੇ ਤੱਕ ਉਸ ਸਮਝੌਤੇ ਦੀ ਕੋਈ ਅਧਿਕਾਰਤ ਕਾਪੀ ਜਾਂ ਡਿਟੇਲ ਜਨਤਕ ਨਹੀਂ ਕੀਤੀ ਗਈ।

ਪੰਨੂ ਨੇ ਸਵਾਲ ਚੁੱਕਿਆ ਕਿ ਜੇਕਰ ਜਾਖੜ ਕੋਲ ਇਸ ਸਮਝੌਤੇ ਦੀ ਪੂਰੀ ਜਾਣਕਾਰੀ ਅਤੇ ਕਾਪੀਆਂ ਮੌਜੂਦ ਹਨ ਤਾਂ ਉਹ ਭਾਜਪਾ ਹਾਈ ਕਮਾਂਡ ਨੂੰ ਕਹਿ ਕੇ ਇਹ ਸਮਝੌਤਾ ਜਨਤਕ ਕਿਉਂ ਨਹੀਂ ਕਰਵਾ ਦਿੰਦੇ? ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਸਮਝੌਤੇ ‘ਤੇ ਸਾਈਨ ਪ੍ਰਧਾਨ ਮੰਤਰੀ ਨੇ ਕੀਤੇ ਹਨ, ਗ੍ਰਹਿ ਮੰਤਰੀ ਨੇ ਕੀਤੇ ਹਨ ਜਾਂ ਕਿਸੇ ਹੋਰ ਮੰਤਰੀ ਨੇ? ਲੋਕਾਂ ਨੂੰ ਇਸ ਬਾਰੇ ਜਾਣਨ ਦਾ ਪੂਰਾ ਹੱਕ ਹੈ।

‘ਆਪ ਆਗੂ ਨੇ ਕਿਹਾ ਕਿ ਅਜੇ ਤੱਕ ਇਸ ਸਮਝੌਤੇ ਬਾਰੇ ਜਿਹੜੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ, ਉਹ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟਾਂ ਰਾਹੀਂ ਹੀ ਮਿਲ ਰਹੀ ਹੈ ਅਤੇ ਟਰੰਪ ਦੇ ਟਵੀਟ ਖ਼ੁਦ ਇਹ ਕਹਿੰਦੇ ਹਨ ਕਿ ਇਸ ਸਮਝੌਤੇ ਵਿੱਚ ਕਿਸਾਨੀ ਸ਼ਾਮਲ ਹੈ। ਅਜਿਹੇ ਵਿੱਚ ਜਦੋਂ ਭਾਰਤ ਸਰਕਾਰ ਵੱਲੋਂ ਕੋਈ ਅਧਿਕਾਰਤ ਡਿਟੇਲ ਜਨਤਕ ਨਹੀਂ ਕੀਤੀ ਗਈ ਤਾਂ ਜਾਖੜ ਸਾਹਿਬ ਕਿਹੜੀ ਜਾਣਕਾਰੀ ਦੇ ਆਧਾਰ ‘ਤੇ ਕਿਸਾਨਾਂ ਨੂੰ ਭਰੋਸੇ ਦੇ ਰਹੇ ਹਨ?

ਪੰਨੂ ਨੇ ਜਾਖੜ ਨੂੰ ਤਿੰਨ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦਿਆਂ ਯਾਦ ਕਰਵਾਇਆ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਤਾਂ ਉਸ ਵੇਲੇ ਬਾਦਲ ਪਰਿਵਾਰ ਜੋਕਿ ਭਾਜਪਾ ਦੇ ਸਹਿਯੋਗੀ ਸਨ, ਨੇ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂ। ਪਰ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੇ ਯੂ-ਟਰਨ ਮਾਰ ਲਈ।

‘ਆਪ’ ਆਗੂ ਨੇ ਤੰਜ ਕੱਸਦਿਆਂ ਜਾਖੜ ਨੂੰ ਕਿਹਾ ਕਿ ਹੁਣ ਕਿਤੇ ਤੁਸੀਂ ਵੀ ਯੂ-ਟਰਨ ਨਾ ਮਾਰ ਜਾਇਓ। ਜੇ ਤੁਹਾਡੇ ਕੋਲ ਇਸ ਸਮਝੌਤੇ ਦੀ ਪੂਰੀ ਜਾਣਕਾਰੀ ਹੈ ਤਾਂ ਉਸ ਨੂੰ ਜਨਤਕ ਕਰੋ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਸਕੇ।

Read Latest News and Breaking News at Daily Post TV, Browse for more News

Ad
Ad