ਸੂਬੇ ਵਿੱਚ ਲਗਭਗ 40103 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਜਾਰੀ- ਗੁਰਮੀਤ ਸਿੰਘ ਖੁੱਡੀਆਂ
Agriculture and Animal Husbandry Minister Gurmeet Singh Khudian; ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪੂਰੇ ਸੂਬੇ ਵਿੱਚ ਲਗਭਗ 40103 ਕਿਲੋਮੀਟਰ ਲਿੰਕ ਸੜਕਾਂ ਦੀ ਅਪਗ੍ਰੇਡੇਸ਼ਨ ਅਤੇ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸੜਕਾਂ ਦੀ ਸੁਵਿਧਾ ਮਿਲ ਸਕੇ।
ਮੋਹਾਲੀ ਨੇੜੇ ਪਿੰਡ ਦੁਰਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਮੋਹਾਲੀ ਦੀ ਹਾਜ਼ਰੀ ਵਿੱਚ ਦੁਰਾਲੀ–ਮਨੌਲੀ ਅਤੇ ਦੈੜੀ–ਚਾਓਮਾਜਰਾ ਲਿੰਕ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 40103 ਕਿਲੋਮੀਟਰ ਲਿੰਕ ਸੜਕਾਂ ਵਿੱਚੋਂ ਪੰਜਾਬ ਮੰਡੀ ਬੋਰਡ ਵੱਲੋਂ 22,074 ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਜਲਦੀ ਪੂਰਾ ਕੀਤਾ ਜਾਵੇਗਾ। ਜਦਕਿ ਬਾਕੀ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 3.66 ਕਿਲੋਮੀਟਰ ਲੰਬੀ ਅੱਜ ਸ਼ੁਰੂ ਕੀਤੀ ਇਹ ਸੜਕ 188.15 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੀ ਜਾਵੇਗੀ ਅਤੇ ਸੈਕਟਰ-82 ਪੀ.ਆਰ-7 ਸੜਕ ਨਾਲ ਨਵਾਂ ਲਿੰਕ ਬਣੇਗੀ। ਇਸ ਤੋਂ ਇਲਾਵਾ ਸੜਕ ਦੀ ਚੌੜਾਈ ਮੌਜੂਦਾ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਬਣਨ ਤੋਂ ਪਹਿਲਾਂ ਪੰਜਾਬੀਆਂ ਵੱਲੋਂ ਦੇਖੇ ਸੁਫ਼ਨੇ ਹੁਣ ਲੋਕ-ਕੇਂਦਰਿਤ ਨੀਤੀਆਂ ਰਾਹੀਂ ਸਾਕਾਰ ਹੋ ਰਹੇ ਹਨ। ਹਾਲ ਹੀ ਵਿੱਚ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਰਕਾਰੀ ਅਤੇ ਪੈਨਲਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਗਾਰੰਟੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿੱਚ 600 ਯੂਨਿਟ ਤੱਕ ਜ਼ੀਰੋ ਬਿਜਲੀ ਬਿੱਲ ਯੋਜਨਾ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਲਗਭਗ 86 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿੱਲ ਮਿਲ ਰਹੇ ਹਨ। ਇਸੇ ਤਰ੍ਹਾਂ ਕਰੀਬ 64,000 ਸਰਕਾਰੀ ਨੌਕਰੀਆਂ ਯੋਗ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕੀਤੇ ਸੁਧਾਰਾਂ ਨਾਲ ਮਹਿੰਗੀਆਂ ਸਕੂਲ ਫੀਸਾਂ ਅਤੇ ਇਲਾਜ-ਲੈਬ ਟੈਸਟ ਦੇ ਖਰਚਿਆਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਪੰਜਾਬ ਦੇਸ਼ ਵਿੱਚ ਆਪਣਾ ਖੁੱਸਿਆ ਵੱਕਾਰ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕਰੇਗਾ।
ਉਨ੍ਹਾਂ ਪਿੰਡ ਵਾਸੀਆਂ ਵੱਲੋਂ ਉਠਾਈਆਂ ਸਥਾਨਕ ਮੰਗਾਂ ਨੂੰ ਜਲਦ ਵਿਚਾਰਨ ਦਾ ਭਰੋਸਾ ਵੀ ਦਿੱਤਾ।