ਸਕੂਲ ‘ਚ ਲੈਕਚਰਾਰ ਨੇ ਖਾਧੀਆਂ ਨਸ਼ੀਲੀਆਂ ਗੋਲੀਆਂ, ਪ੍ਰਿੰਸੀਪਲ ‘ਤੇ ਲਗਾਏ ਗੰਭੀਰ ਦੋਸ਼
Malout school incident; ਪਿੰਡ ਇਨਾ ਖੇੜਾ ਸਥਿਤ ਬੀਬੀ ਸੁਰਿੰਦਰ ਕੌਰ ਬਾਦਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਪੰਜਾਬੀ ਲੈਕਚਰਾਰ ਸੰਦੀਪ ਕੌਰ ਵੱਲੋਂ ਕਥਿਤ ਤੌਰ ‘ਤੇ ਨਸ਼ੀਲੀਆਂ ਗੋਲੀਆਂ ਖਾਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੇ ਸਿੱਖਿਆ ਮਹਿਕਮੇ ਅਤੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ।
ਸੰਦੀਪ ਕੌਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਸਕੂਲ ਦੀ ਪ੍ਰਿੰਸੀਪਲ ਜਗਜੀਤ ਕੌਰ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਦਿਮਾਗੀ ਤੌਰ ‘ਤੇ ਪਰੇਸ਼ਾਨ ਕਰ ਰਹੀ ਸੀ। ਲੈਕਚਰਾਰ ਦੇ ਅਨੁਸਾਰ, ਉਨ੍ਹਾਂ ਨੂੰ ਦਫ਼ਤਰ ਵਿੱਚ ਬੁਲਾ ਕੇ ਜਲੀਲ ਕੀਤਾ ਜਾਂਦਾ ਸੀ ਅਤੇ ਨਿੱਜੀ ਪਰਵਰਿਸ਼ ਬਾਰੇ ਵੀ ਤਾਨੇ ਮਾਰੇ ਜਾਂਦੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਚਾਲ-ਚਲਣ ‘ਤੇ ਸਵਾਲ ਉਠਾਏ ਜਾਂਦੇ ਸਨ ਅਤੇ ਰਿਕਾਰਡ ਵਿੱਚ ਤਬਦੀਲੀ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ।
ਸੰਦੀਪ ਕੌਰ ਦਾ ਦਾਅਵਾ ਹੈ ਕਿ ਬੀਤੇ ਦਿਨ ਉਹ ਸਵੇਰੇ ਕਰੀਬ 8 ਵਜੇ ਸਕੂਲ ਪਹੁੰਚੀਆਂ ਅਤੇ ਛੁੱਟੀ ਸਮੇਂ ਮੁੜ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਬਹੁਤ ਤੰਗ ਆ ਚੁੱਕੀਆਂ ਹਨ, ਤਾਂ ਉਨ੍ਹਾਂ ਨੂੰ ਪੰਜ ਗੋਲੀਆਂ ਦੇ ਕੇ ਖਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਲੈਕਚਰਾਰ ਦੀ ਮਾਤਾ ਮਨਦੀਪ ਕੌਰ ਅਤੇ ਪਤੀ ਸਵਿੰਦਰ ਸਿੰਘ ਨੇ ਵੀ ਦੱਸਿਆ ਕਿ ਸੰਦੀਪ ਕੌਰ ਘਰ ਆ ਕੇ ਅਕਸਰ ਪ੍ਰਿੰਸੀਪਲ ਵੱਲੋਂ ਪਰੇਸ਼ਾਨੀ ਬਾਰੇ ਦੱਸਦੀ ਰਹਿੰਦੀ ਸੀ। ਪਤੀ ਦੇ ਮੁਤਾਬਕ, ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਸਕੂਲ ਸਮੇਂ ਦੌਰਾਨ ਦਫ਼ਤਰ ਵਿੱਚ ਆ ਕੇ ਗੱਲ ਕੀਤੀ ਜਾਵੇ।
ਦੂਜੇ ਪਾਸੇ, ਸਕੂਲ ਦੀ ਪ੍ਰਿੰਸੀਪਲ ਜਗਜੀਤ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਦੀਪ ਕੌਰ ਸਵੇਰੇ 9 ਵਜੇ ਸਕੂਲ ਆਈ ਅਤੇ 3 ਵਜੇ ਤੱਕ ਸਕੂਲ ਵਿੱਚ ਰਹੀਆਂ। ਇਸ ਦੌਰਾਨ ਕੋਈ ਅਜਿਹੀ ਘਟਨਾ ਨਹੀਂ ਵਾਪਰੀ। ਉਨ੍ਹਾਂ ਨੇ ਕਿਹਾ ਕਿ ਜੇ ਸਕੂਲ ਸਮੇਂ ਤੋਂ ਬਾਅਦ ਕੁਝ ਹੋਇਆ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।
ਪ੍ਰਿੰਸੀਪਲ ਨੇ ਇਹ ਵੀ ਦੱਸਿਆ ਕਿ ਛੁੱਟੀ ਤੋਂ ਬਾਅਦ ਲੈਕਚਰਾਰ ਦਾ ਪਤੀ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਗੱਲਬਾਤ ਦੌਰਾਨ ਢੰਗ ਨਾਲ ਵਿਹਾਰ ਨਹੀਂ ਕੀਤਾ ਗਿਆ। ਇਸ ਲਈ ਉਨ੍ਹਾਂ ਨੇ ਕਿਹਾ ਕਿ ਦਫ਼ਤਰ ਸਮੇਂ ਵਿੱਚ ਆ ਕੇ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਕੂਲ ਦਾ ਮਾਹੌਲ ਬਹੁਤ ਵਧੀਆ ਹੈ ਅਤੇ ਇਸ ਬਾਰੇ ਸਟਾਫ ਅਤੇ ਵਿਦਿਆਰਥੀਆਂ ਨਾਲ ਵੀ ਪੁੱਛਿਆ ਜਾ ਸਕਦਾ ਹੈ।
ਫਿਲਹਾਲ ਮਾਮਲਾ ਗੰਭੀਰ ਰੂਪ ਧਾਰ ਚੁੱਕਾ ਹੈ ਅਤੇ ਸੱਚਾਈ ਕੀ ਹੈ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।