ਚੋਣ ਕਮਿਸ਼ਨ ਤੇ ਭਾਜਪਾ ਦਰਮਿਆਨ ਮਿਲੀਭੁਗਤ: ਮਮਤਾ
Latest News: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐੱਸ ਆਈ ਆਰ ਮਗਰੋਂ ਵੋਟਰ ਸੂਚੀ ‘ਚੋਂ ਨਾਂ ਹਟਾਏ ਜਾਣ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਤੇ ਭਾਜਪਾ ‘ਤੇ ਮਿਲੀਭੁਗਤ ਕਰ ਕੇ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਅਗਾਮੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਮਦਦ ਲਈ ਇਹ ਸਾਜ਼ਿਸ਼ ਰਚੀ ਗਈ ਹੈ।
ਪੱਛਮੀ ਬੰਗਾਲ ‘ਚ ਐੱਸ ਆਈ ਆਰ ਪ੍ਰਕਿਰਿਆ ਤੋਂ ਬਾਅਦ 28 ਫਰਵਰੀ ਨੂੰ ਵੋਟਰ ਸੂਚੀ ਦੇ ਪ੍ਰਕਾਸ਼ਨ ਮਗਰੋਂ ਪਹਿਲੀ ਪ੍ਰਤੀਕਿਰਿਆ ‘ਚ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਚੋਣ ਨਤੀਜੇ ਆਪਣੇ ਹੱਕ ‘ਚ ਭੁਗਤਾਉਣ ਲਈ ਭਾਜਪਾ ਤੇ ਚੋਣ ਕਮਿਸ਼ਨ ਨੇ ‘ਜਾਣਬੁੱਝ ਕ’ ਨਾਂ ਹਟਾਏ ਹਨ। ਟੀ ਐੱਮ ਸੀ ਮੁਖੀ ਨੇ ਦੋਸ਼ ਲਾਇਆ, “ਚੋਣ ਕਮਿਸ਼ਨ ਨੇ ਜਾਣਬੁਝ ਕੇ ਅਸਲੀ ਵੋਟਰਾਂ ਦੇ ਨਾਂ ਹਟਾ ਦਿੱਤੇ ਹਨ। ਮੈਂ ਹੈਰਾਨ ਹਾਂ। ਇਹ ਬਹੁਤ ਦੁੱਖ ਭਰੀ ਸਥਿਤੀ ਹੈ।”
ਜ਼ਿਕਰਯੋਗ ਹੈ ਕਿ ਐੱਸ ਆਈ ਆਰ ਮਗਰੋਂ ਵੋਟਰ ਸੂਚੀ ‘ਚੋਂ 63.66 ਲੱਖ ਨਾਂ ਹਟਾਏ ਗਏ ਹਨ ਜੋ ਕੁੱਲ ਵੋਟਰਾਂ ਦਾ 8.3 ਫੀਸਦ ਹੈ। ਐੱਸ ਆਈ ਆਰ ਮਗਰੋਂ ਸੂਬੇ ‘ਚ ਵੋਟਰਾਂ ਦੀ ਗਿਣਤੀ ਘਟ ਕੇ ਤਕਰੀਬਨ 7.04 ਕਰੋੜ ਰਹਿ ਗਈ ਹੈ। ਇਸ ਤੋਂ ਇਲਾਵਾ 60.06 ਲੱਖ ਤੋਂ ਵੱਧ ਵੋਟਰਾਂ ਨੂੰ ‘ਵਿਚਾਰ ਅਧੀਨ’ ਵਰਗ ‘ਚ ਰੱਖਿਆ ਗਿਆ ਹੈ।