ਸਮਾਣਾ ਬੱਸ ਅੱਡਾ ਸੁੰਨਸਾਨ, ਬਜ਼ੁਰਗਾਂ ਤੇ ਵਿਦਿਆਰਥੀਆਂ ਲਈ ਵੱਡੀ ਮੁਸ਼ਕਲ
Samana PRTC buses issue; ਪੰਜਾਬ ਦੇ ਸਮਾਣਾ ਸ਼ਹਿਰ ਵਿੱਚ ਕਰੀਬ 15 ਦਿਨਾਂ ਤੋਂ ਸਮਾਣਾ ਬੱਸ ਸਟੈਂਡ ਵਿੱਚ ਪੀਆਰਟੀਸੀ ਦੀਆਂ ਬੱਸਾਂ ਨਾ ਜਾਣ ਕਰਕੇ ਬਸ ਅੱਡਾ ਸੁਨਸਾਨ ਪਿਆ ਹੈ। ਇਸ ਕਾਰਨ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਬਾਜ਼ਾਰਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਣਾ ਤੋਂ ਪਟਿਆਲਾ, ਪਾਤੜਾਂ, ਸੰਗਰੂਰ, ਕੈਥਲ ਅਤੇ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਹੁਣ ਬਸ ਫੜਨ ਲਈ ਭਾਖੜਾ ਨਹਿਰ ਦੇ ਪੁੱਲ ਤੱਕ ਜਾਣਾ ਪੈਂਦਾ ਹੈ। ਲੋਕ ਰਿਕਸ਼ਾ ਅਤੇ ਥ੍ਰੀ-ਵ੍ਹੀਲਰ ਰਾਹੀਂ ਉੱਥੇ ਪਹੁੰਚਦੇ ਹਨ, ਜਿਸ ਕਾਰਨ ਉਹਨਾਂ ਨੂੰ 100 ਰੁਪਏ ਤੱਕ ਵਾਧੂ ਖਰਚ ਕਰਨਾ ਪੈਂਦਾ ਹੈ।
ਸਭ ਤੋਂ ਵੱਧ ਮੁਸ਼ਕਲ ਬਜ਼ੁਰਗਾਂ, ਮਹਿਲਾਵਾਂ, ਸਕੂਲੀ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਆ ਰਹੀ ਹੈ। ਸੜਕ ਕਿਨਾਰੇ ਖੜ੍ਹ ਕੇ ਬਸਾਂ ਫੜਨ ਕਰਕੇ ਯਾਤਰੀਆਂ ਦੀ ਜ਼ਿੰਦਗੀ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਚੱਲ ਰਹੇ ਧਰਮ ਯੁੱਧ ਮੋਰਚੇ ਕਾਰਨ ਬੱਸਾਂ ਬਸ ਸਟੈਂਡ ਵਿੱਚ ਨਹੀਂ ਆ ਰਹੀਆਂ। ਸਮਾਣਾ ਦੀ ਆਬਾਦੀ 50 ਹਜ਼ਾਰ ਤੋਂ ਵੱਧ ਹੈ ਅਤੇ ਇਸ ਨਾਲ ਲੱਗਦੇ ਕਰੀਬ 80 ਪਿੰਡਾਂ ਦੇ ਲੋਕ ਵੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਰਹੇ ਹਨ।
ਲੋਕਾਂ ਨੇ ਸਰਕਾਰ ਅਤੇ ਪੀਆਰਟੀਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬੱਸਾਂ ਨੂੰ ਮੁੜ ਬਸ ਸਟੈਂਡ ਵਿੱਚ ਚਲਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।
ਅੱਡਾ ਇੰਚਾਰਜ ਲਛਮਣ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸੜਕ ਟੁੱਟਣ ਕਰਕੇ ਬੱਸਾਂ ਬਸ ਸਟੈਂਡ ਵਿੱਚ ਨਹੀਂ ਆ ਰਹੀਆਂ ਸਨ ਅਤੇ ਹੁਣ ਮੋਰਚੇ ਕਾਰਨ ਸਮੱਸਿਆ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਬੱਸਾਂ ਨੂੰ ਮੁੜ ਬਸ ਸਟੈਂਡ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।