ਮਾਵਾਂ-ਧੀਆਂ ਸਕੀਮ ਤਹਿਤ 1500 ਰੁਪਏ ਦਾ ਐਲਾਨ, ਮਹਿਲਾਵਾਂ ‘ਚ ਖੁਸ਼ੀ ਦੀ ਲਹਿਰ
Punjab Maavan Dhiyaan Scheme ₹1500; ਪੰਜਾਬ ਵਿੱਚ ਮਾਵਾਂ-ਧੀਆਂ ਸਕੀਮ ਤਹਿਤ ਮਹਿਲਾਵਾਂ ਦੇ ਖਾਤਿਆਂ ਵਿੱਚ 1500 ਰੁਪਏ ਦਾ ਐਲਾਨ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ‘ਤੇ ਪ੍ਰੋਗਰਾਮ ਕਰਕੇ ਸਰਕਾਰ ਦੀ ਪੰਜਵੀਂ ਗਰੰਟੀ ਪੂਰੀ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਮਹਿਲਾਵਾਂ ਨੇ ਵੀ ਇਸ ਸਕੀਮ ਨੂੰ ਵੱਡੀ ਰਾਹਤ ਕਰਾਰ ਦਿੱਤਾ।
ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਆਗੂ ਨਰਾਇਣ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਜੋ ਵਾਅਦਾ ਲੋਕਾਂ ਨਾਲ ਕੀਤਾ ਸੀ, ਉਹ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਖਾਸ ਕਰਕੇ ਗਰੀਬ ਪਰਿਵਾਰਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਅਜੇਹੇ ਹਨ ਜਿਨ੍ਹਾਂ ਨੂੰ ਘਰ ਦੇ ਛੋਟੇ-ਮੋਟੇ ਖਰਚੇ ਪੂਰੇ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਇਸ ਲਈ ਹਰ ਮਹੀਨੇ ਮਿਲਣ ਵਾਲੇ ਇਹ ਪੈਸੇ ਉਨ੍ਹਾਂ ਲਈ ਵੱਡਾ ਸਹਾਰਾ ਬਣਣਗੇ।
ਨਰਾਇਣ ਸ਼ਰਮਾ ਨੇ ਵਿਰੋਧੀ ਪਾਰਟੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ‘ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਅੱਜ 48 ਹਜ਼ਾਰ ਰੁਪਏ ਬਕਾਇਆ ਦੀ ਗੱਲ ਕਰ ਰਹੀਆਂ ਹਨ, ਉਹਨਾਂ ਨੇ ਆਪਣੇ ਸਮੇਂ ਵਿੱਚ ਗਰੀਬ ਵਰਗ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਗਰੀਬ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਕਈ ਯੋਜਨਾਵਾਂ ਲਾਗੂ ਕਰ ਰਹੀ ਹੈ, ਜਿਵੇਂ ਕਿ 10 ਲੱਖ ਰੁਪਏ ਤੱਕ ਦੇ ਇਲਾਜ ਲਈ ਹੈਲਥ ਕਾਰਡ ਅਤੇ ਹੋਰ ਕਈ ਸਕੀਮਾਂ।
ਇਸੇ ਦੌਰਾਨ ਹਲਕਾ ਕੋਆਰਡੀਨੇਟਰ ਕਵਿਤਾ ਜੈਸ ਨੇ ਕਿਹਾ ਕਿ ਮਾਵਾਂ-ਧੀਆਂ ਸਕੀਮ ਆਮ ਆਦਮੀ ਪਾਰਟੀ ਦੀ ਆਖ਼ਰੀ ਗਰੰਟੀ ਸੀ, ਜਿਸਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਮਹਿਲਾਵਾਂ ਦੀ ਖੁਸ਼ੀ ਸਾਂਝੀ ਕਰਨ ਲਈ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਜਾਗੋ ਕੱਢੀ ਗਈ ਅਤੇ ਗਿੱਧਾ ਪਾ ਕੇ ਜਸ਼ਨ ਮਨਾਇਆ ਗਿਆ।
ਕਵਿਤਾ ਜੈਸਵਾਲ ਨੇ ਕਿਹਾ ਕਿ 1500 ਰੁਪਏ ਦੀ ਰਕਮ ਹਰ ਪਰਿਵਾਰ ਲਈ ਕਾਫੀ ਅਹਿਮ ਹੈ। ਇਸ ਨਾਲ ਮਹਿਲਾਵਾਂ ਆਪਣੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀਆਂ ਹਨ ਅਤੇ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹ ਯੋਜਨਾਵਾਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵੱਲ ਇੱਕ ਵੱਡਾ ਕਦਮ ਹਨ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਲੋਕ ਭਲਾਈ ਦੀਆਂ ਯੋਜਨਾਵਾਂ ਜਾਰੀ ਰੱਖੇਗੀ ਤਾਂ ਜੋ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ।