6 ਮੁਲਜ਼ਮ ਗ੍ਰਿਫ਼ਤਾਰ, 6 ਆਧੁਨਿਕ ਪਿਸਤੌਲ, 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋ ਹੈਰੋਇਨ ਬਰਾਮਦ
Latest News: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਆਧੁਨਿਕ ਪਿਸਤੌਲ (PX 5.7×28 mm TISAS Turkey ਸੀਰੀਜ਼), 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਗ੍ਰਿਫ਼ਤਾਰ ਕੀਤੇ ਗਏ ਬਹੁਤ ਸਾਰੇ ਦੋਸ਼ੀ ਸਰਹੱਦੀ ਇਲਾਕਿਆਂ, ਖ਼ਾਸ ਕਰਕੇ ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਇਲਾਕੇ ਨਾਲ ਸੰਬੰਧਤ ਹਨ।
ਪੁਲਿਸ ਮੁਤਾਬਕ ਬਰਾਮਦ ਕੀਤੀਆਂ ਗਈਆਂ ਪਿਸਤੌਲ ਬਹੁਤ ਹੀ ਆਧੁਨਿਕ ਅਤੇ ਖ਼ਤਰਨਾਕ ਕਿਸਮ ਦੀਆਂ ਹਨ। ਇਹ ਪਿਸਤੌਲ ਬਹੁਤ ਜ਼ਿਆਦਾ ਪੈਨਟਰੇਸ਼ਨ ਪਾਵਰ ਰੱਖਦੀਆਂ ਹਨ ਅਤੇ ਆਟੋਮੈਟਿਕ ਫਾਇਰ ਕਰਨ ਸਮਰੱਥ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਥਿਆਰ ਪਹਿਲੀ ਵਾਰ ਇਨ੍ਹਾਂ ਕੇਸਾਂ ਵਿੱਚ ਸਾਹਮਣੇ ਆਏ ਹਨ, ਜੋ ਕਿ ਕਾਫੀ ਘਾਤਕ ਸਾਬਤ ਹੋ ਸਕਦੇ ਹਨ।
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਅਤੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਜਾਂਚ ਦੌਰਾਨ ਪਾਕਿਸਤਾਨ ਅਧਾਰਿਤ ਆਈਐਸਆਈ ਏਜੰਟ ਸ਼ਹਜ਼ਾਦ ਭੱਟੀ ਦਾ ਨਾਮ ਵੀ ਸਾਹਮਣੇ ਆਇਆ ਹੈ, ਜੋ ਭਾਰਤ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਨੂੰ ਸੰਭਾਲ ਰਿਹਾ ਸੀ। ਪੁਲਿਸ ਦੇ ਮੁਤਾਬਕ ਸ਼ਹਜ਼ਾਦ ਭੱਟੀ ਦਾ ਭਾਰਤ ਵਿੱਚ ਇੱਕ ਮਜ਼ਬੂਤ ਲਿੰਕ ਸੀ ਅਤੇ ਹੋਰ ਕਈ ਕਨਸਾਈਨਮੈਂਟ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਕਰਨ ਅਤੇ ਗੁਰਪ੍ਰੀਤ ਗੋਪੀ ਖੇਮਕਰਨ ਦੇ ਰਹਿਣ ਵਾਲੇ ਹਨ, ਜਦਕਿ ਮੱਖਣਦੀਨ, ਰਾਕੇਸ਼ ਕੇਸ਼ੂ, ਜਮਕੌਰ ਸਿੰਘ ਅਤੇ ਜਸਬੀਰ ਵੀਰਾ ਵੀ ਇਸ ਮਾਮਲੇ ਵਿੱਚ ਸ਼ਾਮਲ ਪਾਏ ਗਏ ਹਨ। ਪੁਲਿਸ ਮੁਤਾਬਕ ਰਾਕੇਸ਼ ਕੇਸ਼ੂ ਦੇ ਖ਼ਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹਨ ਅਤੇ ਉਹ ਪਹਿਲਾਂ ਵੀ ਨਸ਼ਿਆਂ ਅਤੇ ਹਥਿਆਰਾਂ ਨਾਲ ਜੁੜੇ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ।
ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ, ਛੇਹਰਟਾ ਅਤੇ ਵੇਰਕਾ ਵਿੱਚ ਮਾਮਲੇ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪੂਰੇ ਨੈੱਟਵਰਕ ਨੂੰ ਤੋੜਣ ਲਈ ਮੁਲਜ਼ਮਾਂ ਦੇ ਹੋਰ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਛੋਟੇ-ਮੋਟੇ ਲਾਲਚਾਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ। ਉਨ੍ਹਾਂ ਕਿਹਾ ਕਿ ਮਿਹਨਤ ਨਾਲ ਕਮਾਈ ਹੋਈ ਰੋਜ਼ੀ ਵਿੱਚ ਹੀ ਅਸਲੀ ਬਰਕਤ ਹੁੰਦੀ ਹੈ। ਉਨ੍ਹਾਂ ਮਾਪਿਆਂ ਅਤੇ ਸਮਾਜ ਨੂੰ ਵੀ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।