Sidhu Moosewala ਨੇ ਬਣਾਇਆ ਇਤਿਹਾਸ, ਯੂਟਿਊਬ ‘ਤੇ 3 ਕਰੋੜ Subscribers ਪਾਰ
Sidhu Moosewala YouTube subscribers; ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ Sidhu Moosewala ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ, ਪਰ ਉਨ੍ਹਾਂ ਦੀ ਲੋਕਪ੍ਰਿਯਤਾ ਅਜੇ ਵੀ ਨਵੇਂ ਰਿਕਾਰਡ ਬਣਾਉਂਦੀ ਜਾ ਰਹੀ ਹੈ। ਮੂਸੇਵਾਲਾ ਨੇ ਇਕ ਹੋਰ ਵੱਡੀ ਉਪਲਬਧੀ ਆਪਣੇ ਨਾਂ ਕਰ ਲਈ ਹੈ, ਉਨ੍ਹਾਂ ਦੇ ਯੂਟਿਊਬ ਚੈਨਲ ਨੇ 3 ਕਰੋੜ (30 ਮਿਲੀਅਨ) ਸਬਸਕ੍ਰਾਈਬਰਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਨਾਲ ਉਹ ਇਹ ਮਕਾਮ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ।
ਇਹ ਅੰਕੜਾ ਹੋਰ ਵੀ ਹੈਰਾਨੀਜਨਕ ਬਣ ਜਾਂਦਾ ਹੈ ਜਦੋਂ ਇਸਦੀ ਤੁਲਨਾ Narendra Modi ਦੇ ਯੂਟਿਊਬ ਚੈਨਲ ਨਾਲ ਕੀਤੀ ਜਾਵੇ, ਜਿੱਥੇ ਲਗਭਗ 3.01 ਕਰੋੜ ਸਬਸਕ੍ਰਾਈਬਰ ਹਨ, ਪਰ ਉਨ੍ਹਾਂ ਦੇ ਚੈਨਲ ‘ਤੇ 34,000 ਤੋਂ ਵੱਧ ਵੀਡੀਓਜ਼ ਮੌਜੂਦ ਹਨ। ਦੂਜੇ ਪਾਸੇ, ਸਿੱਧੂ ਮੂਸੇਵਾਲਾ ਦੇ ਚੈਨਲ ‘ਤੇ ਸਿਰਫ਼ ਕਰੀਬ 125 ਵੀਡੀਓਜ਼ ਹੀ ਹਨ, ਫਿਰ ਵੀ ਉਨ੍ਹਾਂ ਨੇ ਇਹ ਵੱਡੀ ਉਪਲਬਧੀ ਹਾਸਲ ਕਰ ਲਈ ਹੈ।
ਇਸ ਮੌਕੇ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਜੇਕਰ ਅੱਜ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੁੰਦਾ, ਤਾਂ ਇਹ ਉਪਲਬਧੀ ਦੇਖ ਕੇ ਬਹੁਤ ਖੁਸ਼ ਹੁੰਦਾ। ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਲੋਕ ਅੱਜ ਵੀ ਸਿੱਧੂ ਨੂੰ ਬੇਅੰਤ ਪਿਆਰ ਕਰਦੇ ਹਨ ਅਤੇ ਉਸਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ।
ਇਸ ਦੇ ਨਾਲ ਹੀ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਵੀ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “Eyes on Me” ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੇ ਕਤਲ ਨਾਲ ਜੁੜੇ ਹਾਲਾਤਾਂ ਨੂੰ ਦਰਸਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਇਆ ਉਨ੍ਹਾਂ ਦਾ ਗੀਤ “Brodha (ਬਰੋਟਾ)” ਦੁਨੀਆ ਭਰ ਵਿੱਚ ਸਭ ਤੋਂ ਵੱਧ ਕੁਮੈਂਟ ਕੀਤੇ ਜਾਣ ਵਾਲੀ ਵੀਡੀਓ ਬਣਿਆ ਸੀ, ਜਿਸ ਨਾਲ ਉਨ੍ਹਾਂ ਦੀ ਗਲੋਬਲ ਪਹੁੰਚ ਦਾ ਅੰਦਾਜ਼ਾ ਲੱਗਦਾ ਹੈ।
ਯਾਦ ਰਹੇ ਕਿ Sidhu Moosewala ਦੀ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਹ ਅੱਜ ਵੀ ਕਰੋੜਾਂ ਦਿਲਾਂ ‘ਚ ਜਿੰਦਾ ਹਨ।