Emergency Landing: ਹਵਾਈ ਯਾਤਰੀਆਂ ਵਿਚਾਲੇ ਮੱਚਿਆ ਹੜਕੰਪ, ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
Emergency Landing: ਹਵਾਈ ਯਾਤਰੀਆਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦਰਅਸਲ, ਦੁਬਈ ਤੋਂ ਕਾਠਮੰਡੂ ਜਾ ਰਹੀ ਇੱਕ ਫਲਾਈਟ ਨੂੰ ਈਂਧਨ ਘੱਟ ਹੋਣ ਦੇ ਖਦਸ਼ੇ ਕਾਰਨ ਸ਼ਨੀਵਾਰ ਸਵੇਰੇ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਏਅਰਪੋਰਟ ’ਤੇ ਡਾਇਵਰਟ ਕਰ ਕੇ ਸੁਰੱਖਿਅਤ ਲੈਂਡਿੰਗ ਕਰਾਈ ਗਈ।
ਐਮਰਜੈਂਸੀ ਲੈਂਡਿੰਗ ਦੀ ਮਨਜ਼ੂਰੀ ਮੰਗੀ
ਏਅਰਪੋਰਟ ਸੂਤਰਾਂ ਅਨੁਸਾਰ ਫਲਾਈ ਦੁਬਈ ਦੀ ਫਲਾਈਟ (ਐੱਫ. ਜ਼ੈੱਡ.-1133) 154 ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਕਾਠਮੰਡੂ ਜਾ ਰਹੀ ਸੀ। ਇਸੇ ਦੌਰਾਨ ਪਾਇਲਟ ਨੂੰ ਈਂਧਨ ਪੱਧਰ ਘੱਟ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੇ ਲਖਨਊ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਤੋਂ ਐਮਰਜੈਂਸੀ ਲੈਂਡਿੰਗ ਦੀ ਮਨਜ਼ੂਰੀ ਮੰਗੀ।
ਇਸ ਦੌਰਾਨ ਏ. ਟੀ. ਸੀ. ਨੇ ਪਹਿਲ ਦਿੰਦੇ ਹੋਏ ਤੁਰੰਤ ਮਨਜ਼ੂਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਜਹਾਜ਼ ਨੂੰ ਪੂਰੀ ਸੁਰੱਖਿਆ ਵਿਵਸਥਾ ਵਿਚਾਲੇ ਰਨਵੇਅ ’ਤੇ ਸੁਰੱਖਿਅਤ ਉਤਾਰਿਆ ਗਿਆ। ਲੈਂਡਿੰਗ ਦੌਰਾਨ ਏਅਰਪੋਰਟ ’ਤੇ ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਨੂੰ ਅਲਰਟ ’ਤੇ ਰੱਖਿਆ ਗਿਆ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਪਾਰਕਿੰਗ ਬੇਅ ਵਿਚ ਖੜ੍ਹਾ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਫਿਲਹਾਲ ਜਹਾਜ਼ ਦੇ ਅੰਦਰ ਹੀ ਸੁਰੱਖਿਅਤ ਰੱਖਿਆ ਗਿਆ। ਏਅਰਪੋਰਟ ਪ੍ਰਸ਼ਾਸਨ ਦੇ ਅਨੁਸਾਰ ਤਕਨੀਕੀ ਟੀਮ ਵੱਲੋਂ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਈਂਧਨ ਭਰਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਾਠਮੰਡੂ ਲਈ ਰਵਾਨਾ ਕਰ ਦਿੱਤਾ ਗਿਆ।