ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੀ ਸੰਗਤ ਦੀ ਬੱਸ ਪਲਟਣ ਕਾਰਨ ਬੱਸੀ ਪਠਾਣਾਂ ਵਿੱਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ
ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੇਰ ਰਾਤ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤ ਦੀ ਬੱਸ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਬੱਸ ਵਿੱਚ ਬਾਕੀ ਸ਼ਰਧਾਲੂ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਫਤਿਹਗੜ ਸਾਹਿਬ, ਬਸੀ ਪਠਾਣਾ ਅਤੇ ਮੋਰਿੰਡਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਆਦਾਤਰ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤੇ ਗਏ ।
ਚੁੰਨੀ-ਮੋਰਿੰਡਾ ਰੋਡ ਤੇ ਬੱਸੀ ਪਠਾਣਾਂ ਦੇ ਪਿੰਡ ਮੈਣਮਾਜਰੀ ਨਜਦੀਕ ਹੀ ਪਿੰਡ ਮੈਣਮਾਜਰੀ ਦੀ ਸੰਗਤ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਦੇਰ ਰਾਤ ਵਾਪਸ ਪਰਤ ਰਹੀ ਸੀ ਕਿ ਅਚਾਨਕ ਬਸ ਵਿਚ ਕੋਈ ਤਕਨੀਕੀ ਖਰਾਬੀ ਹੋਣ ਕਾਰਨ ਬਿਜਲੀ ਦੇ ਖੰਭੇ ਵਿੱਚ ਵੱਜ ਕੇ ਪਲਟ ਗਈ, ਤੇ ਬਸ ਪਲਟਨ ਕਾਰਨ ਹੋਏ ਧਮਾਕੇ ਨੂੰ ਸੁਣ ਕੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ ਤੇ ਇਕੱਤਰ ਹੋਏ ਅਤੇ ਬੱਸ ਵਿੱਚ ਬੈਠੇ ਸ਼ਰਧਾਲੂਆਂ ਨੂੰ ਬਾਹਰ ਕੱਢ ਕੇ ਆਪੋ ਆਪਣੇ ਵਾਹਨਾਂ ਤੇ ਐਮਬੂਲੈਂਸਾਂ ਰਾਹੀਂ ਹਸਪਤਾਲਾਂ ਵਿੱਚ ਲਿਜਾਇਆ ਗਿਆ ।
ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਡੀਐਸਪੀ ਬਸੀ ਪਠਾਣਾ, ਡੀਐਸ ਪੀ ਖਮਾਣੋ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਲਾਜ ਅਧੀਨ ਸਰਕਾਰੀ ਹਸਪਤਾਲਾਂ ਵਿੱਚ ਸ਼ਰਧਾਲੂਆਂ ਦਾ ਹਾਲ ਜਾਣ ਕੇ ਗੰਭੀਰ ਰੂਪ ਵਿੱਚ ਜਖਮੀ ਸ਼ਰਧਾਲੂਆ ਨੂੰ ਚੰਡੀਗੜ੍ਹ ਦੇ ਪੀਜੀਆਈ ਲਈ ਰੈਫਰ ਕਰਵਾਇਆ ਗਿਆ।
ਵਾਪਰੇ ਇਸ ਹਾਦਸੇ ਦੇ ਨਜਦੀਕੀ ਪਿੰਡ ਭਟੇੜੀ ਦੇ ਨਿਵਾਸੀ ਗੁਰਮੁਖ ਸਿੰਘ ਲਵਲੀ ਨੇ ਕਿਹਾ ਕਿ ਜਿਉਂ ਹੀ ਉਨਾਂ ਨੇ ਵੱਡੀ ਧਮਾਕੇਦਾਰ ਆਵਾਜ਼ ਸੁਣੀ ਤਾਂ ਮੌਕੇ ਤੇ ਪਹੁੰਚ ਕਿ ਬੱਸ ਪਲਟੀ ਦੇਖੀ ਤੇ ਬੱਸ ਵਿੱਚੋਂ ਹਾਹਾਕਾਰ ਦੀ ਆਵਾਜ਼ ਨੂੰ ਸੁਣ ਕੇ ਹੋਰ ਪਿੰਡ ਦੇ ਲੋਕ ਵੀ ਇਕੱਤਰ ਹੋਣੇ ਸ਼ੁਰੂ ਹੋ ਗਈ ਜਿਨਾਂ ਨੂੰ ਪਿੰਡ ਵਾਸੀਆਂ ਵੱਲੋਂ ਬਾਹਰ ਕੱਢਿਆ ਗਿਆ। ਉਸਨੇ ਦੱਸਿਆ ਕਿ ਪੰਜ ਛੇ ਵਿਅਕਤੀਆਂ ਦੀਆਂ ਲਾਸ਼ਾਂ ਉਹਨਾਂ ਵੱਲੋਂ ਬੱਸ ਵਿੱਚੋਂ ਕੱਢੀਆਂ ਗਈਆਂ, ਕਈਆਂ ਦੀਆਂ ਲੱਤਾਂ ਬਾਹਾਂ ਤੱਕ ਟੁੱਟ ਗਈਆਂ ।
ਇਸ ਮੌਕੇ ਤੇ ਪਹੁੰਚੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਖਮੀ ਵਿਅਕਤੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਵਿਧਾਇਕ ਨੇ ਇਸ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਖਮੀਆਂ ਦੇ ਇਲਾਜ ਲਈ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਐਸ ਐਸ ਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਕਿਹਾ ਕਿ ਪਿੰਡ ਮੈਂਣ ਮਾਜ਼ਰੀ ਤੋਂ ਵਿਸਾਖੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਸੰਗਤ ਗੁਰਦੁਆਰੇ ਦੀ ਬਸ ਰਾਹੀਂ ਗਈ ਸੀ ਅਤੇ ਵਾਪਸ ਆਉਣ ਸਮੇਂ ਇਹ ਹਾਦਸਾ ਵਾਪਰਿਆ ਤੇ ਬਸ ਵਿੱਚ 40 ਦੇ ਕਰੀਬ ਸ਼ਰਧਾਲੂ ਸਵਾਰ ਸਨ । ਉਹਨਾਂ ਦੱਸਿਆ ਕਿ 15 ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਅਤੇ 9 ਦੇ ਕਰੀਬ ਮਰੀਜ਼ਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਬਾਕੀ ਮਰੀਜ਼ਾਂ ਨੂੰ ਬਸੀ ਪਠਾਣਾ ਤੇ ਕਈਆਂ ਮਰੀਜਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਹਾਦਸੇ ਵਿੱਚ ਜਖਮੀ ਹੋਏ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਜਾ ਰਹੀ।
ਇਸ ਮੌਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੈਡੀਕਲ ਅਫਸਰ ਡਾ. ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਪਹੁੰਚੇ ਨੂੰ ਮਰੀਜ਼ਾਂ ਵਿੱਚੋਂ ਦੋ ਮਰੀਜ਼ਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਪੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ ਤੇ 6 ਵਿਅਕਤੀਆਂ ਦੀ ਮੌਤ ਹੋ ਗਈ, ਜਿਨਾਂ ਵਿੱਚੋਂ ਤਿੰਨ ਡੈਡ ਬਾਡੀ ਮੋਰਿੰਡਾ ਦੇ ਹਸਪਤਾਲ, ਦੋ ਬਸੀ ਪਠਾਣਾ ਹਸਪਤਾਲ ਅਤੇ ਇੱਕ ਸਿਵਲ ਹਸਪਤਾਲ ਫਤਿਹਗੜ੍ਹ ਸਹਿਬ ਵਿਖੇ ਪਹੁੰਚੀ ਹੈ।