ਜਲੰਧਰ ‘ਚ ਵੱਡੀ ਕਾਰਵਾਈ: ਰਾਜੂ ਚੌਹਾਨ ਦੇ ਘਰ RAID, 60 ਤੋਂ ਵੱਧ ਪੇਟੀਆਂ ਸ਼ਰਾਬ ਬਰਾਮਦ
Excise Department Raid: ਜਲੰਧਰ ਪੱਛਮੀ ਹਲਕੇ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ (Excise Department) ਦੀ ਸਾਂਝੀ ਟੀਮ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮਧੂਬਨ ਕਲੋਨੀ ਸਥਿਤ ਇੱਕ ਘਰ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕਰਕੇ ਮੁੱਖ ਮੁਲਜ਼ਮ ਰਾਜੂ ਚੌਹਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਹੋਈ ਕਾਰਵਾਈ
ਏਸੀਪੀ (ACP) ਆਤਿਸ਼ ਭਾਟੀਆ ਅਤੇ ਆਬਕਾਰੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਰਾਜਿੰਦਰ ਕੁਮਾਰ ਉਰਫ਼ ਰਾਜੂ ਚੌਹਾਨ ਨਖਾਵਾਲੇ ਬਾਗ ਸਥਿਤ ਆਪਣੀ ਰਿਹਾਇਸ਼ ਤੋਂ ਨਾਜਾਇਜ਼ ਸ਼ਰਾਬ ਦਾ ਧੰਦਾ ਚਲਾ ਰਿਹਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਅਤੇ ਆਬਕਾਰੀ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਛਾਪਾ ਮਾਰਿਆ ਤਾਂ ਘਰ ਦੇ ਅੰਦਰੋਂ 50 ਤੋਂ 60 ਪੇਟੀਆਂ (ਕਰੇਟ) ਵਿਸਕੀ ਬਰਾਮਦ ਹੋਏ।
ਰਿਹਾਇਸ਼ੀ ਇਮਾਰਤ ਦੀ ਗਲਤ ਵਰਤੋਂ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਵੱਲੋਂ ਰਿਹਾਇਸ਼ੀ ਇਮਾਰਤ ਦੀ ਵਰਤੋਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ। ਇਸ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਨੂੰ ਵੀ ਮੌਕੇ ‘ਤੇ ਸੂਚਿਤ ਕੀਤਾ ਗਿਆ, ਜਿਸ ਨੇ ਇਮਾਰਤ ਦਾ ਨਿਰੀਖਣ ਕੀਤਾ ਹੈ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮ ਦਾ ਪੁਰਾਣਾ ਰਿਕਾਰਡ
ਪੁਲਿਸ ਅਨੁਸਾਰ ਰਾਜੂ ਚੌਹਾਨ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਸ਼ਰਾਬ ਤੋਂ ਇਲਾਵਾ ਮੌਕੇ ਤੋਂ ਚਾਰ ਗੈਸ ਸਿਲੰਡਰ ਅਤੇ ਕੁਝ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਏਸੀਪੀ ਨੇ ਸਪੱਸ਼ਟ ਕੀਤਾ ਕਿ ਜਾਂਚ ਪੂਰੀ ਹੋਣ ਉਪਰੰਤ ਕਾਨੂੰਨੀ ਪ੍ਰਕਿਰਿਆ ਤਹਿਤ ਸਾਮਾਨ ਦੇ ਮਾਲਕਾਂ ਨੂੰ ਇਹ ਚੀਜ਼ਾਂ ਵਾਪਸ ਕੀਤੀਆਂ ਜਾਣਗੀਆਂ।