ਚੰਡੀਗੜ੍ਹ ਦੇ ਆਦਿਤਿਆ ਖੈਵਾਲ ਦੀ ISRO ਦੇ ‘YUVIKA-2026’ ਪ੍ਰੋਗਰਾਮ ਲਈ ਚੋਣ; ਅਹਿਮਦਾਬਾਦ ‘ਚ ਵਿਗਿਆਨੀਆਂ ਤੋਂ ਅਨੁਭਵ ਪ੍ਰਾਪਤ ਕਰਨਗੇ
ISRO YUVIKA 2026: ਚੰਡੀਗੜ੍ਹ ਸ਼ਹਿਰ ਦੇ ਅੰਕੁਰ ਸਕੂਲ (ਸੈਕਟਰ-14) ਦੇ ਦਸਵੀਂ ਜਮਾਤ ਦੇ ਵਿਦਿਆਰਥੀ ਆਦਿਤਿਆ ਖੈਵਾਲ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਪ੍ਰਤਿਸ਼ਠਿਤ ਪ੍ਰੋਗਰਾਮ YUVIKA–2026 (ਯੂਵਾ ਵਿਗਿਆਨੀ ਕਾਰਜਕ੍ਰਮ) ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਅਹਿਮਦਾਬਾਦ ਵਿੱਚ ਲਵੇਗੀ ਸਿਖਲਾਈ
ਆਦਿਤਿਆ 11 ਮਈ ਤੋਂ 22 ਮਈ 2026 ਤੱਕ ਸਪੇਸ ਐਪਲੀਕੇਸ਼ਨਜ਼ ਸੈਂਟਰ, ਅਹਿਮਦਾਬਾਦ ਵਿਖੇ ਆਯੋਜਿਤ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ। ਇਸ ਦੌਰਾਨ ਉਸਨੂੰ ਅੰਤਰਿਕਸ਼ ਤਕਨਾਲੋਜੀ, ਸੈਟੇਲਾਈਟ ਪ੍ਰਣਾਲੀਆਂ ਅਤੇ ਪੁਲਾੜ ਵਿਗਿਆਨ ਬਾਰੇ ਨਾ ਸਿਰਫ਼ ਜਾਣਕਾਰੀ ਮਿਲੇਗੀ, ਸਗੋਂ ਇਸਰੋ ਦੇ ਨਾਮਵਰ ਵਿਗਿਆਨੀਆਂ ਨਾਲ ਸਿੱਧਾ ਸੰਵਾਦ ਕਰਨ ਅਤੇ ਪ੍ਰੈਕਟੀਕਲ ਅਨੁਭਵ ਹਾਸਲ ਕਰਨ ਦਾ ਮੌਕਾ ਵੀ ਮਿਲੇਗਾ।
ਪਹਿਲਾਂ ਵੀ ਹਾਸਲ ਕਰ ਚੁੱਕੇ ਹਨ ਕਈ ਉਪਲਬਧੀਆਂ
ਵਿਗਿਆਨ ਪ੍ਰਤੀ ਜਨੂੰਨ ਰੱਖਣ ਵਾਲੇ ਆਦਿਤਿਆ ਦਾ ਟਰੈਕ ਰਿਕਾਰਡ ਪਹਿਲਾਂ ਹੀ ਸ਼ਾਨਦਾਰ ਰਿਹਾ ਹੈ। ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਜੈਕਟਾਂ ਜਿਵੇਂ ਕਿ “KIDs, VAAYU & CORONA” ਅਤੇ “KIDs, VAAYU & CLIMATE CHANGE” ਵਿੱਚ ਸਰਗਰਮ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ, ਉਹ ਕਾਮਿਕ ਕਹਾਣੀ ਲਿਖਣ ਦੇ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਦਾ ਇਨਾਮ ਵੀ ਜਿੱਤ ਚੁੱਕਾ ਹੈ।
ਸਕੂਲ ਅਤੇ ਸ਼ਹਿਰ ਦਾ ਨਾਮ ਕੀਤਾ ਰੌਸ਼ਨ
ਆਦਿਤਿਆ ਦੀ ਇਸ ਸਫਲਤਾ ਨੇ ਉਸਦੇ ਸਕੂਲ ਅਤੇ ਚੰਡੀਗੜ੍ਹ ਦਾ ਮਾਣ ਵਧਾਇਆ ਹੈ। ਅੰਕੁਰ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਆਦਿਤਿਆ ਦੀ ਲਗਨ ਅਤੇ ਨਵੀਨਤਾਕਾਰੀ ਸੋਚ ਦੀ ਸ਼ਲਾਘਾ ਕਰਦਿਆਂ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਸਰੋ ਦਾ ਇਹ ਪ੍ਰੋਗਰਾਮ ਦੇਸ਼ ਭਰ ਦੇ ਚੋਣਵੇਂ ਹੋਣਹਾਰ ਬੱਚਿਆਂ ਨੂੰ ਵਿਗਿਆਨ ਦੀਆਂ ਬਾਰੀਕੀਆਂ ਸਮਝਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੇ ਵਿਗਿਆਨੀ ਵਜੋਂ ਤਿਆਰ ਕਰਨ ਲਈ ਉਲੀਕਿਆ ਗਿਆ ਹੈ।