Ontario ‘ਚ ਸਿੱਖ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ, ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਵੱਲੋਂ ਨਿਖੇਧੀ
ਸਿੰਘ ਸਾਹਿਬ ਬਾਬਾ ਟੇਕ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕੈਨੇਡਾ ਦੇ ਓਂਟਾਰੀਓ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਵਿਰੁੱਧ ਕੀਤੀ ਗਈ ਨਸਲੀ ਹਿੰਸਾ ਅਤੇ ਅਪਮਾਨਜਨਕ ਟਿੱਪਣੀਆਂ ਦੀ ਘੋਰ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਦੱਸਿਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤ ਪਰਿਵਾਰ ਨੂੰ ਮਾਨਸਿਕ ਪੀੜਾ ਦਿੰਦੀਆਂ ਹਨ, ਸਗੋਂ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਦੇ ਅਕਸ ਨੂੰ ਵੀ ਢਾਹ ਲਾਉਂਦੀਆਂ ਹਨ।
ਸਿੰਘ ਸਾਹਿਬ ਨੇ ਕੈਨੇਡਾ ਦੇ ਇਤਿਹਾਸ ਅਤੇ ਵਰਤਮਾਨ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ ਕਿ “ਸਿੱਖ ਕੌਮ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ‘ਵੰਡ ਛਕਣ’ ਦੇ ਸਿਧਾਂਤ ਨਾਲ ਕੈਨੇਡਾ ਨੂੰ ਆਪਣਾ ਦੂਜਾ ਘਰ ਬਣਾਇਆ ਹੈ। 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਅੱਜ ਤੱਕ, ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਜੰਗਲਾਂ ਨੂੰ ਆਬਾਦ ਕਰਨ ਅਤੇ ਖੇਤੀਬਾੜੀ ਤੋਂ ਲੈ ਕੇ ਤਕਨਾਲੋਜੀ ਤੱਕ ਹਰ ਖੇਤਰ ਵਿੱਚ ਸਿੱਖਾਂ ਨੇ ਖ਼ੂਨ-ਪਸੀਨਾ ਵਹਾਇਆ ਹੈ। ਅੱਜ ਕੈਨੇਡਾ ਦੀ ਪਾਰਲੀਮੈਂਟ, ਕੈਬਨਿਟ ਅਤੇ ਪ੍ਰਸ਼ਾਸਨਿਕ ਢਾਂਚੇ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕੋਈ ਨੌਜਵਾਨ ਕਿਸੇ ਬਜ਼ੁਰਗ ਨੂੰ ‘ਇਹ ਮੇਰਾ ਦੇਸ਼ ਹੈ’ ਕਹਿ ਕੇ ਡਰਾਉਂਦਾ ਹੈ, ਤਾਂ ਉਹ ਕੈਨੇਡਾ ਦੇ ਆਪਣੇ ਸੰਵਿਧਾਨ ‘ਵਿਭਿੰਨਤਾ ਵਿੱਚ ਏਕਤਾ’ ਦੀ ਤੌਹੀਨ ਕਰਦਾ ਹੈ। ਨਫ਼ਰਤੀ ਭਾਸ਼ਾ ਅਤੇ ਨਸਲੀ ਹਮਲੇ ਕਿਸੇ ਵੀ ਸੱਭਿਅਕ ਸਮਾਜ ਵਿੱਚ ਪ੍ਰਵਾਨ ਨਹੀਂ ਕੀਤੇ ਜਾ ਸਕਦੇ।
ਸਿੰਘ ਸਾਹਿਬ ਨੇ ਓਂਟਾਰੀਓ ਪੁਲਿਸ ਅਤੇ ਕੈਨੇਡਾ ਦੇ ਸੂਬਾਈ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਮਹਿਜ਼ ਇੱਕ ਸਾਧਾਰਨ ਕੁੱਟਮਾਰ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ‘ਹੇਟ ਕ੍ਰਾਈਮ’ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਨਾ ਕਰੇ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਕੈਨੇਡੀਅਨ ਸਕੂਲਾਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਵੱਖ-ਵੱਖ ਸੱਭਿਆਚਾਰਾਂ ਦੇ ਇਤਿਹਾਸ ਬਾਰੇ ਜਾਗਰੂਕਤਾ ਵਧਾਈ ਜਾਵੇ ਤਾਂ ਜੋ ਨਵੀਂ ਪੀੜ੍ਹੀ ਨਫ਼ਰਤ ਦੀ ਥਾਂ ਸਤਿਕਾਰ ਕਰਨਾ ਸਿੱਖੇ। ਭਾਰਤ ਸਰਕਾਰ ਆਪਣੇ ਦੂਤਾਵਾਸ ਰਾਹੀਂ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ।