ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੇ ਬਾਰਦਾਨੇ ਦੀ ਖਰੀਦ ਵਿੱਚ ਹੋ ਰਹੇ ਕਥਿਤ ਘਪਲੇ ਦੀ ਜਾਂਚ ਮੰਗੀ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੇ ਬਾਰਦਾਨੇ ਦੀ ਖਰੀਦ ਵਿਚ ਘੋਟਾਲੇ ਦਾ ਸ਼ੱਕ ਪ੍ਰਗਟ ਕਰਦਿਆਂ ਕੇਂਦਰੀ ਫੂਡ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਚਿੱਠੀ ਲਿਖ ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਮਾਰਕੀਟ ਵਿਚ ਜੋ ਪੁਰਾਣੀ ਬੋਰੀ 22 ਰੁਪਏ ਨੂੰ ਮਿਲ ਰਹੀ ਹੈ ਉਸ ਦੀ ਕੱਟੜ ਇਮਾਨਦਾਰ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਆਪ ਪਾਰਟੀ ਦੀ ਸਰਕਾਰ ਨੇ ਖਰੀਦ 43.89 ਰੁਪਏ ਵਿਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਘਪਲੇ ਦੇ ਦੋਸ਼ ਲੱਗ ਰਹੇ ਹਨ ਇਸ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ।
ਸੁਨੀਲ ਜਾਖੜ ਨੇ ਪੱਤਰ ਵਿਚ ਲਿਖਿਆ ਹੈ, “ਡਿਸੈਂਟਰਲਾਈਜ਼ਡ ਪ੍ਰੋਕਿਊਰਮੈਂਟ ਸਕੀਮ (ਡੀਸੀਪੀ) ਅਧੀਨ ਪੰਜਾਬ ਸਰਕਾਰ ਕਣਕ ਭਰਨ ਲਈ ਪੁਰਾਣੇ ਬਾਰਦਾਨੇ ਦੀ ਵਰਤੋਂ ਕਰ ਰਹੀ ਹੈ। ਪਰ ਇਹਨਾਂ ਪੁਰਾਣੇ ਬਾਰਦਾਨਿਆਂ ਦੀ ਖਰੀਦ ’ਤੇ ਹੋ ਰਿਹਾ ਖਰਚਾ ਭ੍ਰਿਸ਼ਟਾਚਾਰ ਦੇ ਗੰਭੀਰ ਸੰਦੇਹ ਪੈਦਾ ਕਰਦਾ ਹੈ। ਅਸਲ ਵਿੱਚ, ਪੁਰਾਣਾ ਬਾਰਦਾਨਾ ਬਾਜ਼ਾਰ ਵਿੱਚ ਲਗਭਗ ₹22 ਪ੍ਰਤੀ ਬੋਰੀ ਉਪਲਬਧ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਇਹ ਲਗਭਗ ₹43.89 ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦਿਆ ਗਿਆ ਦੱਸਿਆ ਜਾ ਰਿਹਾ ਹੈ। ਇਹ ਪੂਰੀ ਪ੍ਰਕਿਰਿਆ ਵਿੱਚ ਵੱਡੇ ਪੱਧਰ ‘ਤੇ ਕਮੀਸ਼ਨਖੋਰੀ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ।” ਉਨ੍ਹਾਂ ਨੇ ਕਿਹਾ ਕਿ ਜਾਂਚ ਰਾਹੀਂ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਆਪਣੇ ਪੱਤਰ ਵਿਚ ਭਾਜਪਾ ਪ੍ਰਧਾਨ ਨੇ ਕਣਕ ਖਰੀਦ ਨੇਮਾਂ ਵਿਚ ਪੰਜਾਬ ਦੇ ਕਿਸਾਨਾਂ ਦੀ ਮੰਗ ਅਨੁਸਾਰ ਛੋਟ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।