MP ਅਮ੍ਰਿਤਪਾਲ ਸਿੰਘ ਮਾਮਲਾ ਅੰਮ੍ਰਿਤਸਰ ਸੈਸ਼ਨ ਕੋਰਟ ‘ਚ ਸ਼ੁਰੂ, ਪਹਿਲੀ ਸੁਣਵਾਈ ਮੁਕੰਮਲ
Amritpal Singh Video Conference Hearing; ਖਡੂਰ ਸਾਹਿਬ ਤੋਂ ਸੰਸਦ ਮੈਂਬਰ Amritpal Singh ਨਾਲ ਜੁੜੇ FIR ਨੰਬਰ 39 ਦੇ ਮਾਮਲੇ ਦੀ ਸੁਣਵਾਈ ਹੁਣ ਅੰਮ੍ਰਿਤਸਰ ਦੇ ਸੈਸ਼ਨ ਕੋਰਟ ਵਿੱਚ ਸ਼ੁਰੂ ਹੋ ਗਈ ਹੈ। ਇਹ ਮਾਮਲਾ ਪਹਿਲਾਂ ਅਜਨਾਲਾ ਅਦਾਲਤ ਵਿੱਚ ਚੱਲ ਰਿਹਾ ਸੀ, ਜਿਸਨੂੰ ਪ੍ਰਸ਼ਾਸਨਿਕ ਅਤੇ ਕਾਨੂੰਨੀ ਆਧਾਰ ‘ਤੇ 30 ਅਪ੍ਰੈਲ ਨੂੰ ਉੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਸੀ।
ਅਸਾਮ ਦੀ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਐਡੀਸ਼ਨਲ ਸੈਸ਼ਨ ਜੱਜ ਪਰਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਇਸ ਮਾਮਲੇ ਦੀ ਇਹ ਪਹਿਲੀ ਸੁਣਵਾਈ ਸੀ। ਸੁਰੱਖਿਆ ਅਤੇ ਕਾਨੂੰਨੀ ਕਾਰਵਾਈ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਅਗਲੀ ਸੁਣਵਾਈ ਲਈ 5 ਮਈ ਦੀ ਤਾਰੀਖ ਮੁਕਰਰ ਕੀਤੀ ਹੈ।
ਚਾਲਾਨ ਪੇਸ਼, ਹੁਣ ਸ਼ੁਰੂ ਹੋਵੇਗਾ ਟ੍ਰਾਇਲ
ਅਮ੍ਰਿਤਪਾਲ ਸਿੰਘ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਅਜਨਾਲਾ ਥਾਣੇ ਵਿੱਚ ਦਰਜ ਇਸ ਐਫਆਈਆਰ ਦੀ ਜਾਂਚ ਪੁਲਿਸ ਵੱਲੋਂ ਪੂਰੀ ਕਰ ਲਈ ਗਈ ਹੈ ਅਤੇ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ ਗਿਆ ਹੈ। ਹੁਣ ਕੇਸ ਸੈਸ਼ਨ ਕੋਰਟ ਵਿੱਚ ਆਉਣ ਤੋਂ ਬਾਅਦ ਮੁਕੱਦਮੇ ਦੀ ਕਾਰਵਾਈ ਅੱਗੇ ਵਧੇਗੀ। ਬਚਾਵ ਪੱਖ ਵੱਲੋਂ ਹੁਣ ਦੋਸ਼ਾਂ ਦੀ ਕਾਨੂੰਨੀ ਸਮੀਖਿਆ ਕਰਕੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ।
ਦੋਸ਼ਾਂ ਨੂੰ ਚੁਣੌਤੀ ਦੇਣ ਦੀ ਤਿਆਰੀ
ਐਡਵੋਕੇਟ ਸੰਧੂ ਨੇ ਕਿਹਾ ਕਿ ਅਦਾਲਤ ਵਿੱਚ ਸੱਚ ਸਾਹਮਣੇ ਆਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ 5 ਮਈ ਦੀ ਅਗਲੀ ਸੁਣਵਾਈ ਦੌਰਾਨ ਬਚਾਵ ਪੱਖ ਵੱਲੋਂ ਦੋਸ਼ ਰੱਦ ਕਰਨ (ਕੁਐਸ਼ਿੰਗ) ਜਾਂ ਡਿਸਚਾਰਜ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਏ ਦੋਸ਼ਾਂ ਨੂੰ ਕਾਨੂੰਨੀ ਤੌਰ ‘ਤੇ ਮਜ਼ਬੂਤੀ ਨਾਲ ਚੁਣੌਤੀ ਦਿੱਤੀ ਜਾਵੇਗੀ।
5 ਮਈ ਦੀ ਸੁਣਵਾਈ ‘ਤੇ ਟਿਕੀਆਂ ਨਿਗਾਹਾਂ
ਅਜਨਾਲਾ ਕਾਂਡ ਨਾਲ ਜੁੜਿਆ ਇਹ ਮਾਮਲਾ ਪੰਜਾਬ ਦੀ ਰਾਜਨੀਤੀ ਅਤੇ ਕਾਨੂੰਨ-ਵਿਵਸਥਾ ਲਈ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਹੁਣ ਸਭ ਦੀ ਨਿਗਾਹ 5 ਮਈ ‘ਤੇ ਹੈ, ਜਦੋਂ ਸੈਸ਼ਨ ਕੋਰਟ ਵਿੱਚ ਇਸ ਕੇਸ ਦੇ ਅਹਿਮ ਮੋੜ ਸਾਹਮਣੇ ਆ ਸਕਦੇ ਹਨ।