ਫੈਕਟਰੀ ’ਚ ਕੰਮ ਕਰਨ ਵਾਲਾ ਗਰੀਬ ਨੌਜਵਾਨ ਬਣਿਆ ਕਰੋੜਪਤੀ
ਲੁਧਿਆਣਾ: ਪੰਜਾਬ ਦੇ ਇੱਕ ਗਰੀਬ ਪਰਿਵਾਰ ਨੂੰ 1.5 ਕਰੋੜ ਦੀ ਲਾਟਰੀ ਨਿੱਕਲੀ ਹੈ। ਪਠਾਨਕੋਟ ’ਚ ਸੁਜਾਨਪੁਰ ਦੇ ਨੌਜਵਾਨ ਨਰੇਸ਼ ਮਹਿਰਾ ਦੀ 1.5 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਨੌਜਵਾਨ ਲਾਟਰੀ ਦਾ ਟਿਕਟ ਲੈਕੇ ਲੁਧਿਆਣਾ ਪੁੱਜਿਆ ਜਿੱਥੇ ਜੇਤੂ ਪਰਿਵਾਰ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦਾ ਹਰ ਇੱਕ ਵੱਲੋਂ ਲੱਡੂ ਖਵਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਢੋਲ ਦੀ ਥਾਪ ’ਤੇ ਸਭ ਵੱਲੋਂ ਭੰਗੜਾ ਪਾਇਆ ਗਿਆ।
ਜੇਤੂ ਨੌਜਵਾਨ ਫੈਕਟਰੀ ’ਚ ਕਰਦਾ ਹੈ ਕੰਮ
ਇਸ ਮੌਕੇ ਜੇਤੂ ਨੌਜਵਾਨ ਨਰੇਸ਼ ਮਹਿਰਾ ਨੇ ਦੱਸਿਆ ਕਿ “ਮੈਂ ਇੱਕ ਨਿੱਜੀ ਫੈਕਟਰੀ ’ਚ ਠੇਕੇ ’ਤੇ ਕੰਮ ਕਰਦਾ ਹਾਂ। ਸਾਡਾ ਪਰਿਵਾਰ ਕਾਫੀ ਗਰੀਬ ਹੈ ਅਤੇ ਮੇਰੇ ਪਿਤਾ ਦਾ 2020 ਵਿੱਚ ਦੇਹਾਂਤ ਹੋ ਚੁੱਕਿਆ ਹੈ। ਮੇਰੇ ਪਰਿਵਾਰ ’ਚ ਹੁਣ ਸਿਰਫ ਮੈਂ, ਮੇਰੀ ਮਾਂ ਅਤੇ ਛੋਟਾ ਭਰਾ ਹੈ ਅਤੇ ਅਸੀਂ ਦੋਵੇਂ ਹੀ ਭਰਾ ਦਿਹਾੜੀ ਕਰਦੇ ਹਾਂ।”
“ਮੈਂ ਪਿਛਲੇ ਮਹੀਨੇ (ਅ੍ਰਪੈਲ) 25 ਤਰੀਕ ਨੂੰ 200 ਰੁਪਏ ਵਿੱਚ ਲਾਟਰੀ ਦੀਆਂ ਟਿਕਟਾਂ ਲਈਆਂ ਸਨ। ਇਸ ਤੋਂ ਪਹਿਲਾਂ ਵੀ ਮੈਂ ਹੋਲੀ ਅਤੇ ਵਿਸਾਖੀ ਲਾਟਰੀ ਬੰਪਰ ਦੀਆਂ ਟਿਕਟਾਂ ਲਈਆਂ ਸਨ। ਇਹ ਲਾਟਰੀ ਮੇਰੀ ਤੀਜੀ ਵਾਰ ਵਿੱਚ ਨਿਕਲੀ ਹੈ। ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਹਾਂ। ਹੁਣ ਮੈਂ ਆਪਣਾ ਕੰਮ ਕਰਨ ਬਾਰੇ ਸੋਚ ਰਿਹਾ ਹਾਂ।” – ਨਰੇਸ਼ ਮਹਿਰਾ, ਲਾਟਰੀ ਜੇਤੂ
ਲਾਟਰੀ ਨਿੱਕਲਣ ਬਾਰੇ ਕਿਵੇਂ ਲੱਗਿਆ ਪਤਾ ?
ਨੌਜਵਾਨ ਨੇ ਦੱਸਿਆ ਕਿ “ਮੈਨੂੰ ਪਤਾ ਸੀ ਕਿ ਜੋ ਲਾਟਰੀ ਪਾਈ ਹੈ ਉਸਦਾ ਡਰਾਅ ਅੱਜ ਨਿੱਕਲਣਾ ਹੈ, ਮੈਂ ਕੰਮ ਤੋਂ ਵਿਹਲਾ ਹੋ ਕੇ ਆਪਣਾ ਫੋਨ ਚੈੱਕ ਕੀਤਾ ਸੀ ਤੇ ਜਦੋਂ ਉਸ ਵੱਲੋਂ ਜੇਤੂ ਨੰਬਰ ਨਾਲ ਆਪਣੀ ਖਰੀਦੀ ਲਾਟਰੀ ਦਾ ਨੰਬਰ ਦਾ ਮਿਲਾਇਆ ਗਿਆ ਤਾਂ ਦੋਵੇਂ ਨੰਬਰ ਮੇਲ ਖਾ ਰਹੇ ਸੀ। ਨੌਜਵਾਨ ਨਰੇਸ਼ ਮਹਿਰਾ ਨੇ ਲਾਟਰੀ ਨਿੱਕਲਣ ਦਾ ਪਤਾ ਲੱਗਦੇ ਹੀ ਉਸਦੇ ਘਰ ’ਚ ਖੁਸ਼ੀ ਦੀ ਲਹਿਰ ਦੌੜ ਗਈ।”
ਨਹੀਂ ਪਾਲਿਆ ਗੱਡੀਆਂ ਦਾ ਸ਼ੌਂਕ
ਗਰੀਬ ਘਰ ਦੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਗੱਡੀਆਂ ਦਾ ਸ਼ੌਂਕ ਤਾਂ ਨਹੀਂ ਹੈ ਪਰ ਮਕਾਨ ਦੀ ਹਾਲਤ ਬਹੁਤ ਖਸਤਾ ਹੈ ਉਹ ਚਾਹੁੰਦਾ ਹੈ ਕਿ ਆਪਣੇ ਮਕਾਨ ਦੀ ਮੁਰੰਮਤ ਕਰਾਵੇ। ਨੌਜਵਾਨ ਨਰੇਸ਼ ਨੇ ਕਿਹਾ ਕਿ ਹਾਲੇ ਉਸਦਾ ਵਿਆਹ ਵੀ ਨਹੀਂ ਹੋਇਆ। ਉੱਥੇ ਹੀ ਉਸ ਦੇ ਮਾਮੇ ਨੇ ਵੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ 200 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਅੱਜ ਉਸਦਾ ਭਾਣਜਾ ਕਰੋੜਪਤੀ ਬਣ ਗਿਆ। ਮੈਂ ਅੱਜ ਬਹੁਤ ਖੁਸ਼ ਹਾਂ।
ਸੁਜਾਨਪੁਰ ਤੋਂ ਖਰੀਦੀ ਸੀ ਲਾਟਰੀ ਟਿਕਟ
ਸੁਜਾਨਪੁਰ ਦੇ ਲਾਟਰੀ ਡੀਲਰ ਨੇ ਕਿਹਾ ਕਿ “ਵਿਜੇਤਾ ਨੌਜਵਾਨ ਨਰੇਸ਼ ਮਹਿਰਾ ਨੇ ਉਨ੍ਹਾਂ ਦੀ ਸ਼ਾਖਾ ਤੋਂ 200 ਰਪਏ ਦੀ ਮਹੀਨਾਵਰ ਲਾਟਰੀ ਖਰੀਦੀ ਸੀ ਜਿਸ ਨਾਲ ਉਸਨੂੰ 1.5 ਕਰੋੜ ਦੀ ਲਾਟਰੀ ਨਿੱਕਲੀ ਹੈ।”
ਲਾਟਰੀ ਡੀਲਰ ਨੇ ਜਤਾਈ ਖੁਸ਼ੀ
ਲੁਧਿਆਣਾ ਵਿੱਚ ਭਨੋਟ ਇੰਟਰਪ੍ਰਾਈਜ਼ ਦੇ ਮੁਖੀ ਨੇ ਕਿਹਾ ਕਿ “ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇੱਕ ਲੋੜਵੰਦ ਗਰੀਬ ਪਰਿਵਾਰ ਦੀ ਲਾਟਰੀ ਲੱਗੀ ਹੈ। ਪੰਜਾਬ ਸਰਕਾਰ ਦੀ ਇਹ ਮਨਜ਼ੂਰਸ਼ੁਦਾ ਲਾਟਰੀ ਹੈ, ਜਿਸ ਨਾਲ ਬਹੁਤ ਸਾਰੇ ਕਰੋੜਪਤੀ ਬਣ ਗਏ ਹਨ।”