ਸ਼੍ਰੋਮਣੀ ਕਮੇਟੀ ਵਲੋਂ ਭਗਤ ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੀਆਂ ਤਿਆਰੀਆਂ ਆਰੰਭ
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਗਤ ਗੁਰੂ ਰਵਿਦਾਸ ਜੀ ਦੀ ਪੰਜਾਬ 650 ਸਾਲਾ ਜਨਮ ਸ਼ਤਾਬਦੀ ਪੂਰੇ ਉਤਸ਼ਾਹ ਸਹਿਤ ਮਨਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸ਼ਤਾਬਦੀ ਸਬੰਧੀ ਬਣਾਈ ਸਬ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਸਮਾਗਮ 18, 19 ਤੇ 20 ਫਰਵਰੀ 2027 ਨੂੰ ਵੱਡੇ ਪੱਧਰ ਤੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਸ਼ਤਾਬਦੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਉਣ ਦਾ ਵਿਚਾਰ ਹੈ ਪਰ ਅਜੇ ਇਸ ਬਾਰੇ ਪੂਰੀ ਤਰਹਾਂ ਫੈਸਲਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਜਨਮ ਭੂਮੀ ਤੋਂ ਸ਼੍ਰੋਮਣੀ ਕਮੇਟੀ ਵਲੋਂ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਵੱਖ ਵੱਖ ਸ਼ਹਿਰਾਂ ਦੇ ਵਿੱਦਿਅਕ ਅਦਾਰਿਆਂ ਵਿਚ ਭਗਤ ਰਵਿਦਾਸ ਜੀ ਨੂੰ ਸਮਰਪਿਤ ਗੁਰਬਾਣੀ ਫਲਸਫਾ ਤੇ ਜੀਵਨ ਜਾਂਚ ਬਾਰੇ ਛੇ ਸੈਮੀਨਾਰ ਕੀਤੇ ਜਾਣਗੇ ਅਤੇ ਅੱਠ ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ। ਜਿਨਾਂ ਵਿਚੋਂ ਇਕ ਕੀਰਤਨ ਦਰਬਾਰ ਦਿੱਲੀ ਵਿਖੇ ਵੀ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਅੰਗਰੇਜ਼ੀ ਪੰਜਾਬੀ ਤੇ ਹਿੰਦੀ ਤਿੰਨ ਭਾਸ਼ਾਵਾਂ ਵਿਚ ਵਿਸ਼ੇਸ਼ Pamphlet ਵੀ ਛਾਪ ਕੇ ਵੰਡਿਆ ਜਾਵੇਗਾ।
ਉਨ੍ਹਾਂ ਨੂੰ ਦੱਸਿਆ ਕਿ ਇਸ ਸਟਾਫ਼ ਦੀ ਤਿਆਰੀਆਂ ਸਬੰਧੀ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਬਣਾਏ ਸਤਿਕਾਰਯੋਗ ਸੋਧ ਐਕਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਪਰ ਇਸ ਸੋਧ ਐਕਟ ਵਿਚ ਜੋ ਤਰੁਟੀਆਂ ਹਨ ਅਤੇ ਇਸ ਸਬੰਧੀ ਜੋ ਸਿੱਖ ਸੰਗਤਾਂ ਦੇ ਮਨਾਂ ਵਿਚ ਖਦਸ਼ੇ ਹਨ, ਉਹਨਾਂ ਨੂੰ ਪਹਿਲਾਂ ਦੂਰ ਕੀਤਾ ਜਾਣਾ ਚਾਹੀਦਾ ਹੈ।
ਬੀਤੇ ਦਿਨ ਜਥੇਦਾਰ ਗੜਗੱਜ ਵਲੋਂ ਸਰਕਾਰ ਨੂੰ 15 ਦਿਨਾਂ ਅੰਦਰ ਇਤਰਾਜ਼ ਯੋਗ ਮੱਦਾਂ ਨੂੰ ਲੈ ਕੇ ਵਿਧਾਨ ਸਭਾ ਦਾ ਇਜਲਾਸ ਸੱਦਣ ਦੇ ਆਦੇਸ਼ ਤੋਂ ਬਾਅਦ ਮੁੱਖ ਮੰਤਰੀ ਵਲੋਂ ਇਸ ਤੋਂ ਇਨਕਾਰ ਕਰਨ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੀ ਕੋਈ ਪ੍ਰਤੀਕਰਮ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਵੇਗਾ ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਮੰਨਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕਲਿਆਣ, ਕੁਲਵੰਤ ਸਿੰਘ ਮੰਨਣ, ਭਾਈ ਰਜਿੰਦਰ ਸਿੰਘ ਮਹਿਤਾ, ਬਾਬਾ ਬੂਟਾ ਸਿੰਘ, ਗੁਰਨਾਮ ਸਿੰਘ ਜੱਸਲ, ਐਡਵੋਕੇਟ ਅਮਨਬੀਰ ਸਿੰਘ ਸਿਆਲੀ ਸਮੇਤ ਹੋਰ ਹਾਜ਼ਰ ਸਨ।