ਅਮੂਲ ਤੋਂ ਬਾਅਦ ਹੁਣ ‘ਵੇਰਕਾ’ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
Verka Milk Price Hike: ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਲਈ ਮਹਿੰਗਾਈ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮੂਲ (Amul) ਵੱਲੋਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਪੰਜਾਬ ਦੇ ਆਪਣੇ ਬ੍ਰਾਂਡ ‘ਵੇਰਕਾ’ (Verka) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ। ਮਿਲਕਫੈੱਡ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਨਵੀਆਂ ਕੀਮਤਾਂ 14 ਮਈ (ਵੀਰਵਾਰ) ਦੀ ਸਵੇਰ ਤੋਂ ਲਾਗੂ ਹੋ ਜਾਣਗੀਆਂ।
ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਵੇਰਕਾ ਦੇ ਸਾਰੇ ਵੇਰੀਐਂਟਸ ‘ਤੇ ਲਾਗੂ ਹੋਵੇਗਾ। ਇਸ ਵਿੱਚ ਫੁੱਲ ਕਰੀਮ ਦੁੱਧ, ਸਟੈਂਡਰਡ, ਟੋਨਡ ਅਤੇ ਗਊ ਦਾ ਦੁੱਧ (Cow Milk) ਸ਼ਾਮਲ ਹਨ। ਹੁਣ ਪੰਜਾਬ ਭਰ ਦੇ ਗਾਹਕਾਂ ਨੂੰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਦੁੱਧ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।
ਵਾਧੇ ਦਾ ਮੁੱਖ ਕਾਰਨ:
ਦੱਸਿਆ ਜਾ ਰਿਹਾ ਹੈ ਕਿ ਦੁੱਧ ਦੇ ਉਤਪਾਦਨ ਦੀ ਵਧਦੀ ਲਾਗਤ ਅਤੇ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਇਸ ਫੈਸਲੇ ਦਾ ਵੱਡਾ ਕਾਰਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 1 ਮਈ ਨੂੰ ਡੇਅਰੀ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਦੁੱਧ ਦੀ ਖਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਦਾ ਵਾਧਾ ਕੀਤਾ ਸੀ। ਕਿਸਾਨਾਂ ਨੂੰ ਦਿੱਤੇ ਗਏ ਇਸ ਵਾਧੇ ਦਾ ਬੋਝ ਹੁਣ ਸਿੱਧਾ ਗਾਹਕਾਂ ਦੀਆਂ ਜੇਬਾਂ ‘ਤੇ ਪੈਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਗੁਜਰਾਤ ਦੀ ਸਹਿਕਾਰੀ ਸੰਸਥਾ ਅਮੂਲ ਨੇ ਵੀ ਦੇਸ਼ ਭਰ ਵਿੱਚ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਵੇਰਕਾ ਨੇ ਵੀ ਪੰਜਾਬ ਵਿੱਚ ਇਹ ਕਦਮ ਚੁੱਕਿਆ ਹੈ।