Hypertension Day 2026: ਪੰਜਾਬ ‘ਚ ਹਾਈ ਬਲੱਡ ਪ੍ਰੈਸ਼ਰ ਖ਼ਿਲਾਫ਼ ਵੱਡੀ ਮੁਹਿੰਮ, 1 ਕਰੋੜ ਲੋਕਾਂ ਦੀ ਹੋਈ ਸਕ੍ਰੀਨਿੰਗ
Hypertension Day 2026: ਹਰ ਉਮਰ ਦੇ ਲੋਕਾਂ ਵਿੱਚ ਲਗਾਤਾਰ ਵਧ ਰਹੇ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਇਸ ਦੀ ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਮੁਫ਼ਤ ਇਲਾਜ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਮੁਹਿੰਮਾਂ, ਜਿਵੇਂ ਕਿ ‘ਸੀਐਮ ਦੀ ਯੋਗਸ਼ਾਲਾ’ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰ ਰਹੀ ਹੈ।
ਹਰ ਉਮਰ ਦੇ ਲੋਕਾਂ ਵਿੱਚ ਲਗਾਤਾਰ ਵਧ ਰਹੇ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਇਸ ਦੀ ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਮੁਫ਼ਤ ਇਲਾਜ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਮੁਹਿੰਮਾਂ, ਜਿਵੇਂ ਕਿ ‘ਸੀਐਮ ਦੀ ਯੋਗਸ਼ਾਲਾ’ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ‘ਆਮ ਆਦਮੀ ਕਲੀਨਿਕ’ ਸ਼ੁਰੂਆਤੀ ਜਾਂਚ ਨੂੰ ਯਕੀਨੀ ਬਣਾ ਰਹੇ ਹਨ।
ਇਸ ਦੇ ਨਾਲ ਹੀ ‘ਮੁੱਖ ਮੰਤਰੀ ਸਿਹਤ ਬੀਮਾ ਯੋਗਦਾਨ/ਸਿਹਤ ਯੋਜਨਾ’ ਕੈਸ਼ਲੈਸ ਇਲਾਜ ਮੁਹੱਈਆ ਕਰਵਾ ਕੇ ਸਟ੍ਰੋਕ ਅਤੇ ਦਿਲ ਦੇ ਦੌਰੇ ਵਰਗੀਆਂ ਘਾਤਕ ਬਿਮਾਰੀਆਂ ਤੋਂ ਲੋਕਾਂ ਦਾ ਬਚਾਅ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਬੋਝ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਮੁੱਖ ਕਾਰਨਾਂ ਵਿੱਚ ਗ਼ਲਤ ਖਾਣ-ਪੀਣ, ਮਾਨਸਿਕ ਤਣਾਅ, ਤੰਬਾਕੂ ਦੀ ਵਰਤੋਂ, ਸਰੀਰਕ ਗਤੀਵਿਧੀਆਂ ਦੀ ਕਮੀ ਅਤੇ ਅਨਿਯਮਿਤ ਰੁਝੇਵੇਂ ਸ਼ਾਮਲ ਹਨ।
ਗੰਭੀਰ ਸਿਹਤ ਸੰਕਟ ਅਤੇ ਮੁਫ਼ਤ ਇਲਾਜ ਦੀ ਸਹੂਲਤ
ਮੈਡੀਕਲ ਮਾਹਰਾਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਪਤਾ ਕਈ ਮਰੀਜ਼ਾਂ ਨੂੰ ਉਦੋਂ ਲੱਗਦਾ ਹੈ ਜਦੋਂ ਸਰੀਰ ਅੰਦਰ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ਇਸ ਵਧਦੇ ਸਿਹਤ ਸੰਕਟ ਦਰਮਿਆਨ ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਮਰੀਜ਼ਾਂ ਲਈ ਇੱਕ ਮਜ਼ਬੂਤ ਢਾਲ ਸਾਬਤ ਹੋ ਰਹੀ ਹੈ।
ਇਹ ਯੋਜਨਾ ਹਜ਼ਾਰਾਂ ਲੋਕਾਂ ਨੂੰ ਮਹਿੰਗੇ ਇਲਾਜ ਦੇ ਡਰ ਤੋਂ ਮੁਕਤ ਕਰ ਕੇ ਹਾਈਪਰਟੈਨਸ਼ਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਮੁਫ਼ਤ ਉਪਚਾਰ ਦੇ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬੇ ਦੇ 990 ਆਮ ਆਦਮੀ ਕਲੀਨਿਕਾਂ ਸਮੇਤ ਸਾਰੇ ਸਰਕਾਰੀ ਸਿਹਤ ਕੇਂਦਰਾਂ ‘ਤੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹਾਈਪਰਟੈਨਸ਼ਨ ਲਈ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ।
1 ਕਰੋੜ ਲੋਕਾਂ ਦੀ ਸਕ੍ਰੀਨਿੰਗ
ਸਿਹਤ ਮੰਤਰੀ ਅਨੁਸਾਰ, ਹੁਣ ਤੱਕ ਸੂਬੇ ਵਿੱਚ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਵੱਧ ਲੋਕਾਂ ਦੀ ਸਿਹਤ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 24 ਲੱਖ ਲੋਕਾਂ ਨੂੰ ਇਲਾਜ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਮਰੀਜ਼ਾਂ ਦੀ ਲਗਾਤਾਰ ਦੇਖਭਾਲ ਲਈ ਹਰ ਮਹੀਨੇ ਫ਼ਾਲੋ-ਅੱਪ, ਮੁਫ਼ਤ ਦਵਾਈਆਂ ਅਤੇ ਲੋੜ ਪੈਣ ‘ਤੇ ਵੱਡੇ ਹਸਪਤਾਲਾਂ ਵਿੱਚ ਰੈਫਰ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਕਦਮ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਢਲੀਆਂ ਸਿਹਤ ਸੇਵਾਵਾਂ ਬੇਹੰਦ ਮਜ਼ਬੂਤ ਹੋਈਆਂ ਹਨ।
‘ਸੀਐਮ ਦੀ ਯੋਗਸ਼ਾਲਾ’ ਰਾਹੀਂ ਤਣਾਅ ਮੁਕਤ ਪੰਜਾਬ ਦੀ ਮੁਹਿੰਮ
ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ‘ਸੀਐਮ ਦੀ ਯੋਗਸ਼ਾਲਾ’ ਸਕੀਮ ਵੱਡਾ ਯੋਗਦਾਨ ਪਾ ਰਹੀ ਹੈ। ਇਸ ਦੇ ਤਹਿਤ ਸੂਬੇ ਭਰ ਵਿੱਚ 10,600 ਤੋਂ ਵੱਧ ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਲਗਭਗ 3 ਲੱਖ ਲੋਕ ਜੁੜੇ ਹੋਏ ਹਨ। ਇਹ ਕਲਾਸਾਂ ਲੋਕਾਂ ਨੂੰ ਯੋਗ, ਤਣਾਅ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ ਸਿਖਾ ਕੇ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ‘ਤੇ ਕਾਬੂ ਪਾਉਣ ਵਿੱਚ ਮਦਦ ਕਰ ਰਹੀਆਂ ਹਨ।
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਹੁਣ ਸਿਰਫ਼ ਬਜ਼ੁਰਗਾਂ ਦੀ ਬਿਮਾਰੀ ਨਹੀਂ ਰਹੀ। ਆਧੁਨਿਕ ਰਹਿਣ-ਸਹਿਣ ਕਾਰਨ ਹੁਣ ਕਿਸ਼ੋਰਾਂ ਅਤੇ 20 ਤੋਂ 30 ਸਾਲ ਦੇ ਨੌਜਵਾਨਾਂ ਵਿੱਚ ਵੀ ਹਾਈਪਰਟੈਨਸ਼ਨ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ, ਹਾਲਾਂਕਿ ਵਧੇਰੇ ਮਾਮਲੇ 40 ਤੋਂ 90 ਸਾਲ ਦੇ ਲੋਕਾਂ ਵਿੱਚ ਦੇਖੇ ਜਾਂਦੇ ਹਨ।
ਸਮੇਂ ਸਿਰ ਇਲਾਜ: ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ
ਸਿਹਤ ਅਧਿਕਾਰੀਆਂ ਮੁਤਾਬਕ, ਮੁੱਖ ਮੰਤਰੀ ਸਿਹਤ ਯੋਜਨਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਮਰੀਜ਼ ਨੂੰ ਸਹੀ ਸਮੇਂ ‘ਤੇ ਇਲਾਜ ਯਕੀਨੀ ਬਣਾਉਂਦੀ ਹੈ। ਪਹਿਲਾਂ ਆਰਥਿਕ ਤੰਗੀ ਅਤੇ ਪੈਸਿਆਂ ਦੇ ਡਰ ਕਾਰਨ ਕਈ ਪਰਿਵਾਰ ਮਰੀਜ਼ ਨੂੰ ਹਸਪਤਾਲ ਲਿਜਾਣ ਵਿੱਚ ਦੇਰੀ ਕਰ ਦਿੰਦੇ ਸਨ, ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦੀ ਸੀ। ਹੁਣ ਕੈਸ਼ਲੈਸ ਸਹੂਲਤ ਕਾਰਨ ਲੋਕ ਬਿਨਾਂ ਦੇਰੀ ਹਸਪਤਾਲ ਪਹੁੰਚਦੇ ਹਨ। ਮੱਧ ਵਰਗੀ ਪਰਿਵਾਰਾਂ, ਪੈਨਸ਼ਨਰਾਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਇਹ ਯੋਜਨਾ ਮਹਿੰਗੇ ਮੈਡੀਕਲ ਖ਼ਰਚਿਆਂ ਖ਼ਿਲਾਫ਼ ਇੱਕ ਬਿਹਤਰੀਨ ਸੁਰੱਖਿਆ ਕਵਚ ਬਣ ਚੁੱਕੀ ਹੈ।