ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ
Health Advisory: ਚੰਡੀਗੜ੍ਹ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੱਧ ਰਹੀ ਭਿਆਨਕ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਲੋਕਾਂ ਲਈ ਸਿਹਤ ਸਲਾਹ (Health Advisory) ਜਾਰੀ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਖ਼ਾਸ ਤੌਰ ‘ਤੇ ਦੁਪਹਿਰ ਦੇ ਸਮੇਂ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਤੇ ਸਰੀਰ ਨੂੰ ਡੀ-ਹਾਈਡ੍ਰੇਸ਼ਨ ਤੋਂ ਬਚਾਉਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਣ ਦੀ ਅਪੀਲ ਕੀਤੀ ਹੈ।
ਪਾਣੀ ਵੱਧ ਪੀਣ ਅਤੇ ਕੁਦਰਤੀ ਪੇਅ ਪਦਾਰਥ ਲੈਣ ਦੀ ਸਲਾਹ ਜਾਰੀ
ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਲੋਕ ਖ਼ੁਦ ਨੂੰ ਹਾਈਡ੍ਰੇਟ ਰੱਖਣ ਲਈ ਵਾਰ-ਵਾਰ ਪਾਣੀ ਪੀਣ, ਭਾਵੇਂ ਪਿਆਸ ਨਾ ਵੀ ਲੱਗੇ। ਯਾਤਰਾ ਦੌਰਾਨ ਆਪਣੇ ਨਾਲ ਪੀਣ ਵਾਲਾ ਪਾਣੀ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ, ਲੱਸੀ, ਛਾਛ, ਜਲ ਜੀਰਾ, ਆਮ ਪੰਨਾ, ਨਾਰੀਅਲ ਪਾਣੀ ਅਤੇ ਹੋਰ ਸਥਾਨਕ ਕੁਦਰਤੀ ਪੇਅ ਪਦਾਰਥ ਪੀਣ ਦੀ ਸਿਫਾਰਸ਼ ਕੀਤੀ ਗਈ ਹੈ। ਸਿਹਤ ਵਿਭਾਗ ਨੇ ਤਰਬੂਜ਼, ਖਰਬੂਜ਼ਾ, ਖੀਰਾ, ਸੰਤਰਾ ਅਤੇ ਹੋਰ ਵੱਧ ਪਾਣੀ ਵਾਲੇ ਮੌਸਮੀ ਫ਼ਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਹੈ, ਤਾਂ ਜੋ ਸਰੀਰ ‘ਚ ਪਾਣੀ ਦੀ ਘਾਟ ਨਾ ਹੋਵੇ।
ਧੁੱਪ ਤੋਂ ਬਚਾਅ ਲਈ ਇਹ ਸਾਵਧਾਨੀਆਂ ਜ਼ਰੂਰੀ
ਐਡਵਾਈਜ਼ਰੀ ਅਨੁਸਾਰ ਲੋਕਾਂ ਨੂੰ ਸਿੱਧੀ ਧੁੱਪ ‘ਚ ਜਾਣ ਤੋਂ ਬਚਣਾ ਚਾਹੀਦਾ ਹੈ। ਘਰਾਂ ਜਾਂ ਦਫ਼ਤਰਾਂ ‘ਚ ਠੰਡੀ ਅਤੇ ਹਵਾ ਵਾਲੀ ਥਾਂ ‘ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਤਲੇ, ਢਿੱਲੇ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ। ਵਿਭਾਗ ਨੇ ਸਿਰ ਨੂੰ ਢੱਕ ਕੇ ਰੱਖਣ ਲਈ ਛਤਰੀ, ਟੋਪੀ ਜਾਂ ਗਮਛੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਧੁੱਪ ‘ਚ ਬਾਹਰ ਜਾਣ ਸਮੇਂ ਜੁੱਤੇ ਜਾਂ ਚੱਪਲ ਪਹਿਨਣਾ ਲਾਜ਼ਮੀ ਦੱਸਿਆ ਗਿਆ ਹੈ। ਘਰਾਂ ਦੀਆਂ ਖਿੜਕੀਆਂ ਅਤੇ ਪਰਦੇ ਦਿਨ ਵੇਲੇ ਬੰਦ ਰੱਖਣ ਅਤੇ ਰਾਤ ਸਮੇਂ ਖੋਲ੍ਹਣ ਦੀ ਅਪੀਲ ਵੀ ਕੀਤੀ ਗਈ ਹੈ, ਤਾਂ ਜੋ ਘਰ ਠੰਡੇ ਰਹਿ ਸਕਣ।
ਇਨ੍ਹਾਂ ਲੋਕਾਂ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ
ਸਿਹਤ ਵਿਭਾਗ ਨੇ ਕਿਹਾ ਹੈ ਕਿ ਕੁੱਝ ਵਰਗ ਹੀਟਵੇਵ ਦੌਰਾਨ ਵੱਧ ਖ਼ਤਰੇ ‘ਚ ਹੁੰਦੇ ਹਨ। ਇਨ੍ਹਾਂ ‘ਚ ਛੋਟੇ ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਲੋਕ, ਮਾਨਸਿਕ ਬੀਮਾਰੀ ਨਾਲ ਪੀੜਤ ਵਿਅਕਤੀ, ਦਿਲ ਜਾਂ ਬਲੱਡ ਪ੍ਰੈਸ਼ਰ ਦੀ ਬੀਮਾਰੀ ਵਾਲੇ ਲੋਕ ਅਤੇ ਇਕੱਲੇ ਰਹਿ ਰਹੇ ਬਜ਼ੁਰਗ ਸ਼ਾਮਲ ਹਨ। ਅਜਿਹੇ ਲੋਕਾਂ ਦੀ ਰੈਗੂਲਰ ਜਾਂਚ ਅਤੇ ਦੇਖ-ਭਾਲ ਕਰਨ ਦੀ ਅਪੀਲ ਕੀਤੀ ਗਈ ਹੈ।
ਕੀ ਨਾ ਕੀਤਾ ਜਾਵੇ? ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ
ਸਿਹਤ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਧੁੱਪ ‘ਚ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਦੁਪਹਿਰ ਸਮੇਂ ਸਖ਼ਤ ਮਿਹਨਤ ਜਾਂ ਭਾਰੀ ਸਰੀਰਕ ਗਤੀਵਿਧੀਆਂ ਤੋਂ ਬਚਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਸ਼ਰਾਬ, ਚਾਹ, ਕੌਫੀ, ਕੋਲਡ ਡ੍ਰਿੰਕ ਅਤੇ ਵੱਧ ਸ਼ੱਕਰ ਵਾਲੇ ਪੇਅ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਇਹ ਸਰੀਰ ‘ਚ ਪਾਣੀ ਦੀ ਘਾਟ ਵਧਾ ਸਕਦੇ ਹਨ।
ਵਿਭਾਗ ਨੇ ਬਾਸੀ ਖਾਣਾ ਨਾ ਖਾਣ ਅਤੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੀਆਂ ਗੱਡੀਆਂ ‘ਚ ਇਕੱਲਾ ਨਾ ਛੱਡਣ ਦੀ ਵੀ ਅਪੀਲ ਕੀਤੀ ਹੈ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਯੂ. ਟੀ. ਚੰਡੀਗੜ੍ਹ ਨੇ ਲੋਕਾਂ ਨੂੰ ਹੀਟਵੇਵ ਦੌਰਾਨ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਗਰਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਸਿਹਤ ਸਬੰਧੀ ਖ਼ਤਰਿਆਂ ਤੋਂ ਬਚਿਆ ਜਾ ਸਕੇ।