Punjab Power Crisis: ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਟੱਪੀ
Punjab Power Crisis News: ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਕਾਫ਼ੀ ਵਧ ਗਈ ਹੈ। ਅੱਜ ਦੁਪਹਿਰੇ ਸੂਬੇ ਵਿੱਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਟੱਪ ਗਈ, ਜੋ ਕਿ ਇਸ ਸੀਜ਼ਨ ਦਾ ਰਿਕਾਰਡ ਹੈ। ਸੂਬੇ ਵਿੱਚ ਗਰਮੀ ਵਧਣ ਕਰ ਕੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਕੁੱਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 14 ਯੂਨਿਟ ਚੱਲ ਰਹੇ ਹਨ। ਹਾਲਾਂਕਿ ਪੰਜਾਬ ਵਿੱਚ ਝੋਨੇ ਦੀ ਲੁਆਈ ਅਜੇ ਪਹਿਲੀ ਜੂਨ ਤੋਂ ਸ਼ੁਰੂ ਹੋਵੇਗੀ। ਲੁਆਈ ਸ਼ੁਰੂ ਹੋਣ ’ਤੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ।
ਵੇਰਵਿਆਂ ਮੁਤਾਬਕ ਅੱਜ ਦੁਪਹਿਰੇ ਬਿਜਲੀ ਦੀ ਵੱਧ ਤੋਂ ਵੱਧ ਮੰਗ 14,054 ਮੈਗਾਵਾਟ ਦਰਜ ਕੀਤੀ ਗਈ ਹੈ। ਇਹ ਮੰਗ ਰਾਤ 8 ਵਜੇ ਤੱਕ ਘਟ ਕੇ 11 ਹਜ਼ਾਰ ਮੈਗਾਵਾਟ ਰਹਿ ਗਈ। 18 ਮਈ ਨੂੰ 13,721 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ ਸੀ। ਸੂਬੇ ਵਿੱਚ ਸਾਲ 2024 ਵਿੱਚ 13,027 ਮੈਗਾਵਾਟ ਮੰਗ ਦਰਜ ਕੀਤੀ ਗਈ ਸੀ।
ਬਿਜਲੀ ਦੀ ਮੰਗ ਵਧਣ ਕਾਰਨ ਸਰਕਾਰੀ ਦੇ ਪ੍ਰਾਈਵੇਟ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਰੂਪਨਗਰ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ 3 ਯੂਨਿਟ ਚੱਲ ਰਹੇ ਸਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਸਨ। ਇਸੇ ਤਰ੍ਹਾਂ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਸਨ।
ਦੇਸ਼ ’ਚ ਬਿਜਲੀ ਦੀ ਮੰਗ ਰਿਕਾਰਡ 260 ਗੀਗਾਵਾਟ ’ਤੇ
ਦੇਸ਼ ਵਿੱਚ ਵੱਧ ਤੋਂ ਵੱਧ ਬਿਜਲੀ ਦੀ ਮੰਗ ਅੱਜ 260.45 ਗੀਗਾਵਾਟ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ। ਇਸ ਦਾ ਮੁੱਖ ਕਾਰਨ ਭਿਆਨਕ ਗਰਮੀ ਵਿਚਾਲੇ ਏਅਰ ਕੰਡੀਸ਼ਨਰਾਂ (ਏ ਸੀ) ਤੇ ਕੂਲਰਾਂ ਵਰਗੇ ਠੰਢਕ ਦੇਣ ਵਾਲੇ ਯੰਤਰਾਂ ਦੀ ਵਧਦੀ ਵਰਤੋਂ ਹੈ।
ਬਿਜਲੀ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ’ਤੇ ਦੱਸਿਆ, ‘‘ਅੱਜ ਦੁਪਹਿਰੇ ਤਿੰਨ ਵੱਜ ਕੇ 40 ਮਿੰਟ ਉਤੇ 260.45 ਗੀਗਾਵਾਟ (ਸੌਰ ਊਰਜਾ ਘੰਟੇ) ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਨੂੰ ਸਫਲਤਾ ਨਾਲ ਪੂਰਾ ਕੀਤਾ ਗਿਆ। ਇਹ ਨਵਾਂ ਰਿਕਾਰਡ ਹੈ। ਇਸ ਨੇ ਸੋਮਵਾਰ ਦੀ 257.37 ਗੀਗਾਵਾਟ ਦੀ ਵੱਧ ਤੋਂ ਵੱਧ ਮੰਗ ਨੂੰ ਵੀ ਪਾਰ ਕਰ ਲਿਆ। ਇਹ 25 ਅਪਰੈਲ, 2026 ਨੂੰ ਦਰਜ ਕੀਤੀ ਗਈ ਪਿਛਲੀ ਰਿਕਾਰਡ ਮੰਗ 256.1 ਗੀਗਾਵਾਟ ਤੋਂ ਵੱਧ ਸੀ।’’ ਮੰਤਰਾਲੇ ਦਾ ਅਨੁਮਾਨ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਦੇਸ਼ ਦੀ ਵੱਧ ਤੋਂ ਵੱਧ ਬਿਜਲੀ ਮੰਗ 270 ਗੀਗਾਵਾਟ ਤੱਕ ਪਹੁੰਚ ਸਕਦੀ ਹੈ।
ਇਸੇ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਉੱਤਰ-ਪੱਛਮ ਤੇ ਮੱਧ ਭਾਰਤ ਦੇ ਵੱਡੇ ਹਿੱਸੇ ਵਿੱਚ ਇਸ ਹਫ਼ਤੇ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਕਈ ਥਾਵਾਂ ਦਾ ਤਾਪਮਾਨ ਸੋਮਵਾਰ ਨੂੰ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਕੁੱਝ ਹਿੱਸਿਆਂ ਵਿੱਚ ਸੋਮਵਾਰ ਤੋਂ 24 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਜਦਕਿ ਯੂ ਪੀ ਦੇ ਕੁੱਝ ਹਿੱਸਿਆਂ ਵਿਚ ਅੱਜ ਤੋਂ ਭਿਆਨਕ ਲੂ ਦੀ ਸਥਿਤੀ ਬਣ ਸਕਦੀ ਹੈ। ਪੰਜਾਬ ਦੇ ਬਠਿੰਡਾ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ।
ਪਟਿਆਲਾ ’ਚ ਗਰਮੀ ਕਾਰਨ ਇੱਕ ਮੌਤ
ਗਰਮੀ ਕਾਰਨ ਪਟਿਆਲਾ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਵਾਪਰੀ। ਵੇਰਵਿਆਂ ਮੁਤਾਬਕ ਅੱਧਖੜ ਉਮਰ ਦੇ ਵਿਅਕਤੀ ਦੀ ਗਰਮੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਹਸਪਤਾਲ ਦੇ ਬਾਹਰ ਕੰਧ ਕੋਲ ਗੇਟ ਨੰਬਰ ਦੋ ਦੇ ਨੇੜਿਉਂ ਮਿਲੀ ਹੈ। ਪਰ ਅਜੇ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ। ਸ਼ਨਾਖ਼ਤ ਲਈ ਪੁਲੀਸ ਨੇ ਲਾਸ਼ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ।
ਸੰਪਰਕ ਕਰਨ ’ਤੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜੇ ਕਿਸੇ ਲਾਸ਼ ਦੀ ਸ਼ਨਾਖ਼ਤ ਨਾ ਹੋ ਸਕੇ ਤਾਂ ਨਿਯਮਾਂ ਦੇ ਤਹਿਤ ਪੁਲੀਸ ਅਜਿਹੀ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਤੱਕ ਰੱਖਦੀ ਹੈ ਤੇ ਜੇ ਫੇਰ ਵੀ ਸ਼ਨਾਖ਼ਤ ਨਾ ਹੋ ਸਕੇ ਤਾਂ ਅਜਿਹੀ ਲਾਸ਼ ਨੂੰ ਲਾਵਾਰਿਸ ਗਰਦਾਨ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਢਲੇ ਤੌਰ ’ਤੇ ਇਸ ਵਿਅਕਤੀ ਦੀ ਮੌਤ ਗਰਮੀ ਕਾਰਨ ਹੀ ਹੋਈ ਜਾਪਦੀ ਹੈ, ਪਰ ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਇਸੇ ਦੌਰਾਨ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਦਾ ਕਹਿਣਾ ਸੀ ਕਿ ਇਸ ਗਰਮੀ ਦੌਰਾਨ ਖ਼ਾਸ ਕਰ ਕੇ ਦੁਪਹਿਰੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਖ਼ਾਸਕਰ ਬੱਚਿਆਂ ਅਤੇ ਬਜ਼ੁਰਗਾਂ ਦਾ ਹੋਰ ਵੀ ਵਧੇਰੇ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਸਿਹਤ ਵਿਭਾਗ ਵੱਲੋਂ ਦੱਸੇ ਜਾਂਦੇ ਨੁਕਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇਸ ਦੌਰਾਨ ਪਟਿਆਲਾ ਖੇਤਰ ’ਚ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਹੈ।
ਗਰਮੀ ਤੋਂ ਛੇਤੀ ਰਾਹਤ ਦੀ ਉਮੀਦ ਨਹੀਂ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ ਜਿਸ ਕਰ ਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਗਰਮੀ ਤੋਂ ਸੂਬੇ ਦੇ ਲੋਕਾਂ ਨੂੰ ਅਜੇ ਜਲਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ਵਿੱਚ ਅਗਲੇ 4-5 ਦਿਨਾਂ ਵਿਚ ਇਸੇ ਤਰ੍ਹਾਂ ਗਰਮੀ ਪੈਣ ਦੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਲਈ 20 ਤੋਂ 25 ਮਈ ਤੱਕ ਔਰੈਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੋਰ ਵਧ ਸਕਦਾ ਹੈ।ਪੰਜਾਬ ਵਿੱਚ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ ਹੋ ਗਏ ਹਨ, ਜਿਸ ਕਰ ਕੇ ਲੋਕਾਂ ਨੂੰ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿੱਖੀ ਧੁੱਪ ਕਾਰਨ ਫਲਾਂ ਤੇ ਸਬਜ਼ੀਆਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਜ਼ਰੂਰੀ ਹੋਣ ਉਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਿਰ ਤੇ ਮੂੰਹ ਢੱਕ ਕੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।
ਅੱਜ ਪੰਜਾਬ ਵਿੱਚ ਫ਼ਰੀਦਕੋਟ ਸ਼ਹਿਰ ਦਾ ਤਾਪਮਾਨ ਸਭ ਤੋਂ ਵੱਧ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਤੇ ਅੰਮ੍ਰਿਤਸਰ ਦਾ ਤਾਪਮਾਨ 43.2 ਡਿਗਰੀ ਸੈਲਸੀਅਸ, ਲੁਧਿਆਣਾ ਦਾ 44.2, ਪਟਿਆਲਾ ਦਾ 45.3, ਪਠਾਨਕੋਟ ਦਾ 42.6, ਬਠਿੰਡਾ ਦਾ 45.9, ਗੁਰਦਾਸਪੁਰ ਅਤੇ ਨਵਾਂ ਸ਼ਹਿਰ ਦਾ 43 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।