ਪੰਜਾਬੀ ਗਾਇਕਾ ਇੰਦਰ ਕੌਰ ਕਤਲਕਾਂਡ ‘ਚ ਵੱਡੀ ਕਾਰਵਾਈ: ਪੁਲਿਸ ਵੱਲੋਂ 3 ਸ਼ੱਕੀ ਗ੍ਰਿਫ਼ਤਾਰ, ਮੁੱਖ ਮੁਲਜ਼ਮ ਸੁੱਖੀ ਬਰਾੜ ਨੇਪਾਲ ਦੇ ਰਸਤੇ ਕੈਨੇਡਾ ਫਰਾਰ
Punjabi singer murder: ਮਸ਼ਹੂਰ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅਦਾਲਤ ਨੇ ਫੜੇ ਗਏ ਮੁਲਜ਼ਮਾਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਪ੍ਰੀਤਮ ਅਤੇ ਕਮਜੀਤ ਵਜੋਂ ਹੋਈ ਹੈ, ਜਦਕਿ ਤੀਜੇ ਸ਼ੱਕੀ ਦੀ ਪਛਾਣ ਸਬੰਧੀ ਅਜੇ ਜਾਂਚ ਜਾਰੀ ਹੈ। ਪੁਲਿਸ ਪੁੱਛਗਿੱਛ ਦੌਰਾਨ ਕਤਲ ਦੀ ਇਸ ਵਾਰਦਾਤ ਵਿੱਚ ਇਨ੍ਹਾਂ ਦੀ ਅਸਲ ਭੂਮਿਕਾ ਦਾ ਪਰਦਾਫਾਸ਼ ਕਰੇਗੀ। ਫਿਲਹਾਲ ਯਸ਼ਿੰਦਰ ਦੀ ਮ੍ਰਿਤਕ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ, ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਜਾਂਚ ਪ੍ਰਕਿਰਿਆ ਚੱਲ ਰਹੀ ਹੋਣ ਕਾਰਨ ਅੱਜ ਪੋਸਟਮਾਰਟਮ ਨਹੀਂ ਕੀਤਾ ਜਾ ਸਕਿਆ।
ਇੰਸਟਾਗ੍ਰਾਮ ਦੀ ਦੋਸਤੀ ਪਿਆਰ ‘ਚ ਬਦਲੀ
ਮਿਲੀ ਜਾਣਕਾਰੀ ਮੁਤਾਬਕ, ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨਾਲ ਯਸ਼ਿੰਦਰ ਕੌਰ ਦੀ ਮੁਲਾਕਾਤ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਹੋਈ ਸੀ। ਹੌਲੀ-ਹੌਲੀ ਦੋਵਾਂ ਦੀ ਗੱਲਬਾਤ ਦੋਸਤੀ ਅਤੇ ਫਿਰ ਪਿਆਰ ਵਿੱਚ ਬਦਲ ਗਈ। ਦੋਵਾਂ ਨੇ ਇੱਕ-ਦੂਜੇ ਨਾਲ ਵਿਆਹ ਕਰਨ ਦਾ ਵਾਅਦਾ ਵੀ ਕੀਤਾ ਸੀ। ਪਿਛਲੇ ਕਰੀਬ 6 ਸਾਲਾਂ ਤੋਂ ਉਹ ਇੱਕ-ਦੂਜੇ ਦੇ ਕਾਫੀ ਕਰੀਬ ਸਨ। ਸੁੱਖੀ ਬਰਾੜ ਜਦੋਂ ਵੀ ਕੈਨੇਡਾ ਤੋਂ ਪੰਜਾਬ ਆਉਂਦਾ ਸੀ, ਤਾਂ ਉਹ ਅਕਸਰ ਇੰਦਰ ਕੌਰ ਨੂੰ ਮਿਲਣ ਜਾਂਦਾ ਸੀ।
ਬੀਤੀ 11 ਜਨਵਰੀ ਨੂੰ ਸੁੱਖੀ ਬਰਾੜ ਖ਼ਾਸ ਤੌਰ ਤੇ ਯਸ਼ਿੰਦਰ ਦਾ ਜਨਮਦਿਨ ਮਨਾਉਣ ਉਸਦੇ ਘਰ ਆਇਆ ਸੀ। ਉਸ ਸਮੇਂ ਉਸਨੇ ਵਾਅਦਾ ਕੀਤਾ ਸੀ ਕਿ ਉਹ ਮਾਰਚ ਮਹੀਨੇ ਵਿੱਚ ਵਿਆਹ ਕਰਵਾਉਣਗੇ। ਯਸ਼ਿੰਦਰ ਮਾਰਚ ਵਿੱਚ ਵਿਆਹ ਦੇ ਸੁਪਨੇ ਸਜਾ ਰਹੀ ਸੀ,ਪਰ ਸੁੱਖੀ ਨੇ ਕੁਝ ਦਿਨ ਹੋਰ ਰੁਕਣ ਦੀ ਗੱਲ ਕਹਿ ਕੇ ਮਾਮਲਾ ਟਾਲ ਦਿੱਤਾ। ਅਸਲ ਵਿੱਚ ਸੁੱਖੀ ਬਰਾੜ ਨੇ ਯਸ਼ਿੰਦਰ ਤੋਂ ਇਹ ਵੱਡਾ ਸੱਚ ਲੁਕੋ ਕੇ ਰੱਖਿਆ ਸੀ ਕਿ ਉਹ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ। ਜਦੋਂ ਯਸ਼ਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਵਿਆਹ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਆਖਰਕਾਰ ਉਸਦੀ ਮੌਤ ਦਾ ਕਾਰਨ ਬਣਿਆ।
ਘਰੋਂ ਕਰਿਆਨੇ ਦਾ ਸਮਾਨ ਲੈਣ ਗਈ ਸੀ ਇੰਦਰ ਕੌਰ
ਮ੍ਰਿਤਕਾ ਦੇ ਭਰਾ ਜੋਤਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਘਰੋਂ ਕਰਿਆਨੇ ਦਾ ਸਾਮਾਨ ਲੈਣ ਗਈ ਸੀ। ਜਦੋਂ ਉਹ ਵਾਪਸ ਆ ਰਹੀ ਸੀ, ਤਾਂ ਰਸਤੇ ਵਿੱਚ ਸੁੱਖੀ ਬਰਾੜ ਆਪਣੇ ਸਾਥੀਆਂ ਨਾਲ ਮਿਲਿਆ। ਸੁੱਖੀ ਨੇ ਯਸ਼ਿੰਦਰ ਨੂੰ ਕਿਹਾ ਕਿ ਉਹ ਕੈਨੇਡਾ ਜਾ ਰਿਹਾ ਹੈ, ਇਸ ਲਈ ਉਹ ਉਸਨੂੰ ਛੱਡਣ ਆਵੇ। ਯਸ਼ਿੰਦਰ ਵੱਲੋਂ ਨਾਂਹ ਕਰਨ ‘ਤੇ ਮੁਲਜ਼ਮ ਉਸਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਜਮਾਲਪੁਰ ਤੋਂ ਚੰਡੀਗੜ੍ਹ ਰੋਡ ਵੱਲ ਲੈ ਗਏ। ਸੁੱਖੀ ਬਰਾੜ ਨੇ ਆਪਣੇ ਪਿਤਾ ਅਤੇ ਦੋਸਤਾਂ ਨਾਲ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੱਖ ਮੁਲਜ਼ਮ ਸੁੱਖੀ ਬਰਾੜ ਨੇਪਾਲ ਦੇ ਰਸਤੇ ਕੈਨੇਡਾ ਫਰਾਰ ਹੋ ਗਿਆ। ਜੋਤਿੰਦਰ ਸਿੰਘ ਮੁਤਾਬਕ, ਜਦੋਂ ਘਟਨਾ ਵਾਲੀ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਕਾਰ ਦੀ ਸੀਟ ਤੋਂ ਗੋਲੀ ਦਾ ਖੋਲ ਅਤੇ ਖ਼ੂਨ ਦੇ ਨਿਸ਼ਾਨ ਮਿਲੇ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਯਸ਼ਿੰਦਰ ਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਪੁਲਿਸ ਹੁਣ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕਰ ਰਹੀ ਹੈ।