ਜਲੰਧਰ ‘ਚ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਜ਼ਿੰਦਾ ਹੈਂਡ ਗ੍ਰੇਨੇਡ ਸਮੇਤ ਨੌਜਵਾਨ ਕੀਤਾ ਕਾਬੂ
ਜਲੰਧਰ ਵਿੱਚ ਕਮਿਸ਼ਨਰੇਟ ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਮੁਲਜ਼ਮ ਨੂੰ ਜ਼ਿੰਦਾ ਹੈਂਡ ਗ੍ਰੇਨੇਡ ਅਤੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵੱਲੋਂ ਇਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਥਾਨਾ ਡਿਵੀਜ਼ਨ ਨੰਬਰ-5 ਦੀ ਪੁਲਿਸ ਟੀਮ, ਕਾਊਂਟਰ ਇੰਟੈਲੀਜੈਂਸ ਅਤੇ ਏਜੀਟੀਐਫ (AGTF) ਨੇ ਮਿਲ ਕੇ ਇਹ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 22 ਮਈ ਨੂੰ ਪੁਲਿਸ ਟੀਮ ਕਾਲਾ ਸੰਘਿਆਂ ਰੋਡ ‘ਤੇ ਸਥਿਤ ਨਹਿਰ ਦੀ ਪੁਲੀ, ਕੋਟ ਸਦੀਕ ਦੇ ਨਜ਼ਦੀਕ ਚੈਕਿੰਗ ਲਈ ਮੌਜੂਦ ਸੀ। ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਸ਼ੱਕੀ ਨੌਜਵਾਨ ਨੂੰ ਰੋਕਿਆ ਗਿਆ, ਜੋ ਬਿਨਾਂ ਨੰਬਰ ਵਾਲੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਸੀ। ਜਦੋਂ ਪੁਲਿਸ ਟੀਮ ਵੱਲੋਂ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ ਇੱਕ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਹੋਇਆ।
ਫੜੇ ਗਏ ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਉਰਫ਼ ਰਮਨੀ ਵਜੋਂ ਹੋਈ ਹੈ, ਜੋ ਕਿ ਪਿੰਡ ਘੜਕੇ ਲੁਹਾਰਾਂ, ਥਾਨਾ ਚੋਹਲਾ ਸਾਹਿਬ (ਜ਼ਿਲ੍ਹਾ ਤਰਨਤਾਰਨ) ਦਾ ਰਹਿਣ ਵਾਲਾ ਹੈ। ਮੁਲਜ਼ਮ ਅੱਜਕੱਲ੍ਹ ਜਾਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਨਾ ਡਿਵੀਜ਼ਨ ਨੰਬਰ-5 ਵਿੱਚ ਬੀਐਨਐਸ (BNS) ਦੀ ਧਾਰਾ 61(2) ਅਤੇ ਐਕਸਪਲੋਸਿਵ ਸਬਸਟੈਂਸਿਜ਼ ਐਕਟ 1908 ਦੀਆਂ ਧਾਰਾਵਾਂ 4 ਅਤੇ 5 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਗੈਂਗਸਟਰ ਅਤੇ ਅੱਤਵਾਦੀ ਲਿੰਕ ਦੀ ਜਾਂਚ ‘ਚ ਜੁਟੀਆਂ ਏਜੰਸੀਆਂ
ਪੁਲਿਸ ਰਿਮਾਂਡ ਦੌਰਾਨ ਹੁਣ ਦੇਸ਼ ਅਤੇ ਸੂਬੇ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਮੁਲਜ਼ਮ ਦੇ ਪੁਰਾਣੇ ਰਿਕਾਰਡ, ਉਸ ਦੇ ਅਗਲੇ-ਪਿਛਲੇ ਸਬੰਧਾਂ, ਗੈਂਗਸਟਰ ਨੈੱਟਵਰਕ ਅਤੇ ਸੰਭਾਵਿਤ ਦੇਸ਼-ਵਿਰੋਧੀ ਜਾਂ ਅੱਤਵਾਦੀ ਕਨੈਕਸ਼ਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਮੁੱਖ ਤੌਰ ‘ਤੇ ਇਸ ਗੱਲ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਹ ਖ਼ਤਰਨਾਕ ਗ੍ਰੇਨੇਡ ਸਰਹੱਦ ਪਾਰੋਂ ਜਾਂ ਕਿਸ ਰਸਤੇ ਰਾਹੀਂ ਉਸ ਕੋਲ ਪਹੁੰਚਿਆ ਅਤੇ ਇਸ ਦੀ ਵਰਤੋਂ ਜਲੰਧਰ ਜਾਂ ਪੰਜਾਬ ਦੇ ਕਿਸ ਇਲਾਕੇ ਵਿੱਚ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ