Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰੂ ਘਰ ’ਚ ਵਾਪਰਿਆ ਹਾਦਸਾ; ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ
Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਸੀ ਪੌਵਾਲੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਢਾਬਸਰ ਸਾਹਿਬ ਵਿਖੇ ਬਿਜਲੀ ਦੇ ਬਲਬ ਦੇ ਸ਼ਾਰਟ ਸਰਕਟ ਹੋਣ ਕਾਰਨ ਸੱਚਖੰਡ ਸਾਹਿਬ ਅੰਦਰ ਭਿਆਨਕ ਅੱਗ ਲੱਗ ਗਈ। ਇਸ ਅਚਾਨਕ ਵਾਪਰੇ ਹਾਦਸੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਦੀਆਂ ਜਿਲਦਾਂ ਨੂੰ ਸੇਕ ਲੱਗ ਗਿਆ। ਜਿਸ ਕਾਰਨ ਸਮੁੱਚੀ ਸਿੱਖ ਸੰਗਤ ਅਤੇ ਇਲਾਕੇ ਵਿੱਚ ਭਾਰੀ ਸੋਗ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵੱਲੋਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੂੰ 14 ਜੂਨ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ।
ਸਿੰਘ ਸਾਹਿਬ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮੁੜ ਅਪੀਲ ਕੀਤੀ ਹੈ ਕਿ ਗੁਰੂ ਘਰਾਂ ਅੰਦਰ ਬਿਜਲੀ ਦੇ ਉਪਕਰਨਾਂ ਅਤੇ ਵਾਇਰਿੰਗ ਦੀ ਲਗਾਤਾਰ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਤੋਂ ਬਚਿਆ ਜਾ ਸਕੇ। ਸਿੰਘ ਸਾਹਿਬ ਜੀ ਨੇ ਦੱਸਿਆ ਕਿ ਨੁਕਸਾਨੇ ਗਏ ਪਾਵਨ ਸਰੂਪ ਸ੍ਰੀ ਗੋਇੰਦਵਾਲ ਸਾਹਿਬ ਭੇਜੇ ਜਾ ਰਹੇ ਹਨ।
ਇਸ ਮੌਕੇ ਗੁਰਦੁਆਰਾ ਢਾਬਸਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸ਼ਾਮ ਸਮੇਂ ਨਿਤਨੇਮ ਕਰ ਰਹੇ ਸਨ ਤਾਂ ਅਚਾਨਕ ਸੱਚਖੰਡ ਸਾਹਿਬ ਦੇ ਅੰਦਰੋਂ ਭਿਆਨਕ ਅੱਗ ਦੀ ਲਪਟ ਬਾਹਰ ਆਈ। ਜਿਸ ਤੋਂ ਬਾਅਦ ਤੁਰੰਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੱਚਖੰਡ ਤੋਂ ਬਾਹਰ ਲਿਆਂਦੇ ਗਏ। ਪਰ ਫਿਰ ਵੀ ਇਸ ਦੌਰਾਨ ਚਾਰ ਪਾਵਨ ਸਰੂਪਾਂ ਦੀਆਂ ਜਿਲਦਾਂ ਦਾ ਨੁਕਸਾਨ ਹੋਇਆ ਹੈ।