ਮਨਾਲੀ ਵਿੱਚ ਵਿਦੇਸ਼ੀ ਮਹਿਲਾ ਨਾਲ ਸੈਲਾਨੀ ਵੱਲੋਂ ਗਲਤ ਹਰਕਤ; ਵੀਡੀਓ ਵਾਇਰਲ ਹੋਣ ‘ਤੇ ਲੋਕਾਂ ਵਿੱਚ ਭਾਰੀ ਗੁੱਸਾ
ਮਨਾਲੀ ਦੀ ਸੜਕ ‘ਤੇ ਘੁੰਮ ਰਹੀ ਇੱਕ ਵਿਦੇਸ਼ੀ ਮਹਿਲਾ ਨੂੰ ਇੱਕ ਨੌਜਵਾਨ ਸੈਲਾਨੀ ਵੱਲੋਂ ਅਣਉਚਿਤ ਤਰੀਕੇ ਨਾਲ ਛੂਹਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਤਿੱਖੀ ਆਲੋਚਨਾ ਸ਼ੁਰੂ ਹੋ ਗਈ ਹੈ। ਵਿਦੇਸ਼ੀ ਨਾਗਰਿਕ ਨੇ ਇਸ ਹਰਕਤ ‘ਤੇ ਹੈਰਾਨੀ ਜਤਾਈ। ਇਸ ਘਟਨਾ ਨੇ ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਵਾਲੇ ਇਸ ਮਸ਼ਹੂਰ ਪਹਾੜੀ ਸੈਰ-ਸਪਾਟਾ ਕਸਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਪੁਲਿਸ ਨੇ ਬਿਆਨ ਦਿੱਤਾ ਹੈ ਕਿ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਥਾਨਕ ਨਿਵਾਸੀਆਂ ਅਤੇ ਸੈਰ-ਸਪਾਟਾ ਕਾਰੋਬਾਰੀਆਂ ਨੇ ਇਸ ਹਰਕਤ ਦੀ ਨਿਖੇਧੀ ਕੀਤੀ ਹੈ। ਇੱਕ ਸੈਰ-ਸਪਾਟਾ ਕਾਰੋਬਾਰੀ ਬੁੱਧੀ ਪ੍ਰਕਾਸ਼ ਠਾਕੁਰ ਨੇ ਟਿੱਪਣੀ ਕੀਤੀ ਕਿ ਅਜਿਹੇ ਕੁਝ ਲੋਕਾਂ ਦਾ ਵਿਵਹਾਰ ਪੂਰੇ ਭਾਈਚਾਰੇ ਅਤੇ ਦੇਸ਼ ਦੇ ਅਕਸ ਨੂੰ ਖਰਾਬ ਕਰਦਾ ਹੈ। ਇੱਕ ਹੋਰ ਨਿਵਾਸੀ, ਮਦਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਨਾਲੀ ਦੇ ਹਰ ਕੋਨੇ ਵਿੱਚ ਲੋੜੀਂਦੀ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਛੇੜਛਾੜ ਦੇ ਮਾਮਲਿਆਂ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਰਸਮੀ ਸ਼ਿਕਾਇਤ ਤੋਂ ਬਿਨਾਂ ਵੀ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਕੋਈ ਇਕਲੌਤੀ ਘਟਨਾ ਨਹੀਂ ਹੈ। ਮਨਾਲੀ ਵਿੱਚ ਪਿਛਲੇ ਸਾਲਾਂ ਦੌਰਾਨ ਵਿਦੇਸ਼ੀ ਔਰਤਾਂ ਖ਼ਿਲਾਫ਼ ਕਈ ਅਪਰਾਧ ਦੇਖਣ ਨੂੰ ਮਿਲੇ ਹਨ।
ਅਗਸਤ 2022 ਵਿੱਚ, ਸਿੰਗਾਪੁਰ ਦੇ ਨਾਗਰਿਕ ਦੁਆਰਾ ਇੱਕ 39 ਸਾਲਾ ਰੂਸੀ ਔਰਤ ਨਾਲ ਕਥਿਤ ਤੌਰ ‘ਤੇ ਜਬਰ-ਜਨਾਹ ਕੀਤਾ ਗਿਆ ਸੀ।
ਅਕਤੂਬਰ 2018 ਵਿੱਚ, ਇੱਕ 33 ਸਾਲਾ ਰੂਸੀ ਮਹਿਲਾ ਨਾਲ ਇੱਕ ਨੇਪਾਲੀ ਨਾਗਰਿਕ ਸਮੇਤ ਦੋ ਵਿਅਕਤੀਆਂ ਦੁਆਰਾ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ।
ਮਈ 2018 ਵਿੱਚ, ਇੱਕ ਟੈਕਸੀ ਡਰਾਈਵਰ ਦੁਆਰਾ ਇੱਕ 30 ਸਾਲਾ ਜਾਪਾਨੀ ਔਰਤ ਨਾਲ ਜਬਰ-ਜਨਾਹ ਕੀਤਾ ਗਿਆ ਸੀ।
ਮਈ 2016 ਵਿੱਚ, ਤਿੰਨ ਨਾਬਾਲਗਾਂ ਸਮੇਤ ਛੇ ਲੋਕਾਂ ਦੁਆਰਾ ਇੱਕ ਇਜ਼ਰਾਇਲੀ ਔਰਤ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ।
ਜੂਨ 2013 ਵਿੱਚ, ਕਸਬੇ ‘ਚ ਤਿੰਨ ਨੇਪਾਲੀ ਮਰਦਾਂ ਦੁਆਰਾ ਇੱਕ 31 ਸਾਲਾ ਅਮਰੀਕੀ ਸੈਲਾਨੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ‘ਸ਼ੀ ਟ੍ਰੈਵਲ ਪਾਲਿਸੀ’ (SHE Travel Policy) ਸ਼ੁਰੂ ਕੀਤੀ ਹੈ, ਜਿਸ ਵਿੱਚ ਇੱਕ ਸਮਰਪਿਤ SOS ਸੁਰੱਖਿਆ ਐਪ, ਪ੍ਰਮਾਣਿਤ ਸੁਰੱਖਿਅਤ ਰਿਹਾਇਸ਼ਾਂ ਅਤੇ ਜ਼ਮੀਨੀ ਪੱਧਰ ‘ਤੇ ਮਹਿਲਾ ਮਾਰਸ਼ਲ ਸ਼ਾਮਲ ਹਨ।
ਉੱਥੇ ਹੀ ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੇ ਇੱਕ 24×7 ਬਹੁ-ਭਾਸ਼ਾਈ ਸੈਲਾਨੀ ਹੈਲਪਲਾਈਨ (ਟੋਲ-ਫ੍ਰੀ 1800111363 ਜਾਂ ਸ਼ਾਰਟ ਕੋਡ 1363) ਵੀ ਚਾਲੂ ਕੀਤੀ ਹੈ ਜੋ 10 ਕੌਮਾਂਤਰੀ ਭਾਸ਼ਾਵਾਂ ਸਮੇਤ 12 ਭਾਸ਼ਾਵਾਂ ਵਿੱਚ ਉਪਲਬਧ ਹੈ। ਹਾਲਾਂਕਿ, ਇੱਥੇ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਅਣਜਾਣ ਹਨ।