Banner
Banner

ਮੈਕਰੋਂ ਨੇ ਹਿੰਦੀ ‘ਚ ਕਿਹਾ- ਭਾਰਤ-ਫਰਾਂਸ ਦੀ ਦੋਸਤੀ ਅਮਰ ਰਹੇ; 6 ਦਿਨਾਂ ਦੌਰਾ ਪੂਰਾ ਕਰਕੇ ਪੀਐੱਮ ਮੋਦੀ ਦਿੱਲੀ ਰਵਾਨਾ, ਡੋਨਾਲਡ ਟਰੰਪ ਨੇ ਕੀਤੀ ਜੰਮ ਕੇ ਤਾਰੀਫ਼

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਿੰਦੀ ਵਿੱਚ ਇੱਕ ਖ਼ਾਸ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ- “ਪਿਆਰੇ ਮਿੱਤਰ ਨਰਿੰਦਰ, ਤੁਹਾਡਾ ਨੀਸ, ਐਵੀਅਨ ਅਤੇ ਪੈਰਿਸ ਦੇ ਦੌਰੇ ‘ਤੇ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋਈ। ਫਰਾਂਸ ਅਤੇ ਭਾਰਤ ਦੀ ਦੋਸਤੀ ਅਮਰ ਰਹੇ।” ਇਸ ਤੋਂ ਬਾਅਦ ਮੁਸਕੁਰਾਉਂਦੇ ਹੋਏ […]
Jaspreet Singh
By : Updated On: 19 Jun 2026 10:21:AM
ਮੈਕਰੋਂ ਨੇ ਹਿੰਦੀ ‘ਚ ਕਿਹਾ- ਭਾਰਤ-ਫਰਾਂਸ ਦੀ ਦੋਸਤੀ ਅਮਰ ਰਹੇ; 6 ਦਿਨਾਂ ਦੌਰਾ ਪੂਰਾ ਕਰਕੇ ਪੀਐੱਮ ਮੋਦੀ ਦਿੱਲੀ ਰਵਾਨਾ, ਡੋਨਾਲਡ ਟਰੰਪ ਨੇ ਕੀਤੀ ਜੰਮ ਕੇ ਤਾਰੀਫ਼

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਿੰਦੀ ਵਿੱਚ ਇੱਕ ਖ਼ਾਸ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ- “ਪਿਆਰੇ ਮਿੱਤਰ ਨਰਿੰਦਰ, ਤੁਹਾਡਾ ਨੀਸ, ਐਵੀਅਨ ਅਤੇ ਪੈਰਿਸ ਦੇ ਦੌਰੇ ‘ਤੇ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋਈ। ਫਰਾਂਸ ਅਤੇ ਭਾਰਤ ਦੀ ਦੋਸਤੀ ਅਮਰ ਰਹੇ।” ਇਸ ਤੋਂ ਬਾਅਦ ਮੁਸਕੁਰਾਉਂਦੇ ਹੋਏ ਮੈਕਰੋਂ ਨੇ ਅੰਗਰੇਜ਼ੀ ਵਿੱਚ ਕਿਹਾ, ‘ਮੈਨੂੰ ਉਮੀਦ ਹੈ ਕਿ ਇਹ (ਹਿੰਦੀ ਸੰਦੇਸ਼) ਸਹੀ ਹੋਵੇਗਾ। ਡਿਅਰ ਪ੍ਰਾਈਮ ਮਿਨਿਸਟਰ, ਇਸ ਦੋਸਤੀ ਲਈ ਤੁਹਾਡਾ ਧੰਨਵਾਦ। ਮੈਂ ਅਗਲੀ ਫਰਵਰੀ ਨੂੰ ਭਾਰਤ ਯਾਤਰਾ ਦੌਰਾਨ ਤੁਹਾਨੂੰ ਮਿਲਾਂਗਾ।’ ਫਰਾਂਸ ਤੋਂ ਰਵਾਨਾ ਹੋਣ ਤੋਂ ਬਾਅਦ ਪੀਐੱਮ ਮੋਦੀ ਨੇ ਵੀ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਹ ਯਾਤਰਾ ਸਾਂਝੇਦਾਰੀ ਅਤੇ ਪ੍ਰਾਪਤੀਆਂ ਦੋਵਾਂ ਦੇ ਲਿਹਾਜ਼ ਨਾਲ ਬਹੁਤ ਵਧੀਆ ਰਹੀ। ਪ੍ਰਧਾਨ ਮੰਤਰੀ ਮੋਦੀ ਆਪਣਾ 6 ਦਿਨਾਂ ਫਰਾਂਸ ਅਤੇ ਸਲੋਵਾਕੀਆ ਦੌਰਾ ਪੂਰਾ ਕਰਕੇ ਭਾਰਤ ਲਈ ਰਵਾਨਾ ਹੋ ਗਏ ਹਨ।

ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ 18 ਜੂਨ ਨੂੰ ਪੀਐੱਮ ਮੋਦੀ ਪੈਰਿਸ ਵਿੱਚ ਆਯੋਜਿਤ ‘ਵਿਵਾਟੈਕ ਸਮਿਟ’ (Vivatech Summit) ਵਿੱਚ ਸ਼ਾਮਲ ਹੋਏ। ਉੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਆਪਣੇ ਭਾਸ਼ਣ ਵਿੱਚ 5 ਵੱਡੀਆਂ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ, ਜਿਸ ਨੇ ਇੱਕ ਚਾਹ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਕੇ ਇੱਥੇ ਤੱਕ ਪਹੁੰਚਾ ਦਿੱਤਾ। ਉਨ੍ਹਾਂ ਦੱਸਿਆ ਕਿ ਬੀਤੇ 12 ਸਾਲਾਂ ਵਿੱਚ ਭਾਰਤ ਦੀ ਜੀਡੀਪੀ (GDP) ਦੁੱਗਣੀ ਹੋਈ ਹੈ ਅਤੇ ਦੇਸ਼ ਵਿੱਚ ਹਵਾਈ ਅੱਡਿਆਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਭਾਰਤ ਵਿੱਚ ਮੋਬਾਈਲ ਮੈਨੂਫੈਕਚਰਿੰਗ ਯੂਨਿਟਾਂ ਵਿੱਚ 100 ਗੁਣਾ ਵਾਧਾ ਹੋਇਆ ਹੈ ਅਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਦੇਸ਼ ਬਣ ਗਿਆ ਹੈ। ਪੀਐੱਮ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ ਅਤੇ ਫਰਾਂਸ ਵਿੱਚ ਜਿੰਨੇ ਕੁੱਲ ਘਰ ਹਨ, ਉਸ ਤੋਂ ਵੱਧ ਘਰ ਭਾਰਤ ਵਿੱਚ ਲੋੜਵੰਦਾਂ ਲਈ ਬਣਾਏ ਗਏ ਹਨ। ਅੱਜ ਦੇਸ਼ ਦੇ ਪਿੰਡ-ਪਿੰਡ ਤੱਕ ਮੋਬਾਈਲ, ਬਿਜਲੀ ਅਤੇ ਇੰਟਰਨੈੱਟ ਪਹੁੰਚ ਚੁੱਕਾ ਹੈ ਅਤੇ ਹੁਣ ਭਾਰਤ ਨੂੰ ‘ਨੈਕਸਟ ਲੈਵਲ’ ‘ਤੇ ਲੈ ਕੇ ਜਾਣਾ ਹੀ ਸਾਰਿਆਂ ਦਾ ਸੰਕਲਪ ਹੈ।

ਇਸ ਤੋਂ ਪਹਿਲਾਂ 17 ਜੂਨ ਨੂੰ ਪੀਐੱਮ ਮੋਦੀ ਫਰਾਂਸ ਦੇ ਐਵੀਅਨ ਸ਼ਹਿਰ ਵਿੱਚ ਆਯੋਜਿਤ 52ਵੀਂ G7 ਸਮਿਟ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 18 ਮਿੰਟ ਤੱਕ ਦੁਵੱਲੀ ਗੱਲਬਾਤ ਹੋਈ। ਟਰੰਪ ਨੇ ਮੋਦੀ ਦੀ ਜੰਮ ਕੇ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਤੱਕ ਮੋਦੀ ਲੀਡਰ ਹਨ, ਭਾਰਤ ਹਰ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਏਗਾ। ਟਰੰਪ ਨੇ ਇੱਕ ਵੱਡਾ ਵਾਅਦਾ ਕਰਦਿਆਂ ਕਿਹਾ ਕਿ ਜਦੋਂ ਤੱਕ ਉਹ ਰਾਸ਼ਟਰਪਤੀ ਹਨ, ਵ੍ਹਾਈਟ ਹਾਊਸ ਵਿੱਚ ਮੋਦੀ ਦਾ ਇੱਕ ਚੰਗਾ ਦੋਸਤ ਮੌਜੂਦ ਰਹੇਗਾ ਅਤੇ ਜੇਕਰ ਮੋਦੀ ਦੇ ਰਹਿੰਦਿਆਂ ਭਾਰਤ ‘ਤੇ ਕਦੇ ਕੋਈ ਹਮਲਾ ਹੁੰਦਾ ਹੈ, ਤਾਂ ਅਮਰੀਕਾ ਮਦਦ ਲਈ ਨਾਲ ਖੜ੍ਹਾ ਹੋਵੇਗਾ। ਟਰੰਪ ਨੇ ਮੁਸਕੁਰਾਉਂਦੇ ਹੋਏ ਕਿਹਾ, “ਮੋਦੀ ਇੱਕ ਸ਼ਾਂਤ ਅਤੇ ਜ਼ਬਰਦਸਤ ਨੇਤਾ ਹਨ, ਪਰ ਮੈਂ ਮੋਦੀ ਵਰਗਾ (ਸ਼ਾਂਤ) ਨਹੀਂ ਹਾਂ।” ਇਸ ਬੈਠਕ ਦੌਰਾਨ ਪੀਐੱਮ ਮੋਦੀ ਨੇ ਹੋਰਮੁਜ਼ ਸਟਰੇਟ (Strait of Hormuz) ਵਿੱਚ ਭਾਰਤੀ ਨਾਵਿਕਾਂ ਦੀ ਮੌਤ ਦਾ ਗੰਭੀਰ ਮੁੱਦਾ ਵੀ ਚੁੱਕਿਆ ਅਤੇ ਸਮੁੰਦਰੀ ਮਾਰਗਾਂ ਵਿੱਚ ਭਾਰਤੀਆਂ ਦੀ ਸੁਰੱਖਿਆ ਪੱਕੀ ਕਰਨ ਦੀ ਮੰਗ ਕੀਤੀ।

G7 ਸਮਿਟ ਦੌਰਾਨ ਪੀਐੱਮ ਮੋਦੀ ਨੇ ਦੁਨੀਆ ਦੇ ਕਈ ਹੋਰ ਪ੍ਰਮੁੱਖ ਨੇਤਾਵਾਂ ਨਾਲ ਵੀ ਮੁਲਾਕਾਤਾਂ ਕੀਤੀਆਂ, ਜਿਨ੍ਹਾਂ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ਾਮਲ ਸਨ। ਇਸ ਯਾਤਰਾ ਦੇ ਸ਼ੁਰੂਆਤੀ ਹਿੱਸੇ ਵਿੱਚ ਪ੍ਰਧਾਨ ਮੰਤਰੀ ਮੋਦੀ 14 ਤੋਂ 16 ਜੂਨ ਤੱਕ ਸਲੋਵਾਕੀਆ ਦੇ ਦੌਰੇ ‘ਤੇ ਰਹੇ ਸਨ। 15 ਜੂਨ ਨੂੰ ਰਾਜਧਾਨੀ ਬ੍ਰਾਤਿਸਲਾਵਾ ਵਿਖੇ ਉਨ੍ਹਾਂ ਨੂੰ ਸਲੋਵਾਕੀਆ ਦੇ ਸਰਵਉੱਚ ਨਾਗਰਿਕ ਸਨਮਾਨ ‘ਦ ਆਰਡਰ ਆਫ਼ ਦਾ ਵ੍ਹਾਈਟ ਡਬਲ ਕਰਾਸ (ਫਸਟ ਕਲਾਸ)’ ਨਾਲ ਨਿਵਾਜਿਆ ਗਿਆ। ਇਹ ਸਨਮਾਨ ਮਿਲਣ ‘ਤੇ ਪੀਐੱਮ ਮੋਦੀ ਨੇ ਸਲੋਵਾਕੀਆ ਸਰਕਾਰ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਦਾ ਹੈ ਅਤੇ ਉਹ ਇਸ ਨੂੰ ਭਾਰਤ-ਸਲੋਵਾਕੀਆ ਦੀ ਪੱਕੀ ਦੋਸਤੀ ਨੂੰ ਸਮਰਪਿਤ ਕਰਦੇ ਹਨ।

Read Latest News and Breaking News at Daily Post TV, Browse for more News

Ad
Ad