Banner
Banner

ਪੰਜਾਬ ਤੇ ਚੰਡੀਗੜ੍ਹ ‘ਚ NEET ਦੀ Re Exam ਅੱਜ: 28,000 ਤੋਂ ਵੱਧ ਵਿਦਿਆਰਥੀ ਦੇਣਗੇ ਇਮਤਿਹਾਨ

NEET Re Exam Punjab: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ (21 ਜੂਨ) ਪੰਜਾਬ ਅਤੇ ਚੰਡੀਗੜ੍ਹ ਭਰ ਵਿੱਚ NEET ਦੀ ਮੁੜ ਪ੍ਰੀਖਿਆ ਕਰਵਾਈ ਜਾ ਰਹੀ ਹੈ, ਜਿਸ ਵਿੱਚ 28,000 ਤੋਂ ਵੱਧ ਵਿਦਿਆਰਥੀ ਭਾਗ ਲੈਣਗੇ। ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ NTA ਅਤੇ ਸਥਾਨਕ ਪ੍ਰਸ਼ਾਸਨ ਨੇ ਕਈ ਅਹਿਮ ਅਤੇ ਸਖ਼ਤ ਕਦਮ ਚੁੱਕੇ ਹਨ। […]
Khushi
By : Updated On: 21 Jun 2026 08:42:AM
ਪੰਜਾਬ ਤੇ ਚੰਡੀਗੜ੍ਹ ‘ਚ NEET ਦੀ Re Exam ਅੱਜ: 28,000 ਤੋਂ ਵੱਧ ਵਿਦਿਆਰਥੀ ਦੇਣਗੇ ਇਮਤਿਹਾਨ

NEET Re Exam Punjab: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ (21 ਜੂਨ) ਪੰਜਾਬ ਅਤੇ ਚੰਡੀਗੜ੍ਹ ਭਰ ਵਿੱਚ NEET ਦੀ ਮੁੜ ਪ੍ਰੀਖਿਆ ਕਰਵਾਈ ਜਾ ਰਹੀ ਹੈ, ਜਿਸ ਵਿੱਚ 28,000 ਤੋਂ ਵੱਧ ਵਿਦਿਆਰਥੀ ਭਾਗ ਲੈਣਗੇ। ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ NTA ਅਤੇ ਸਥਾਨਕ ਪ੍ਰਸ਼ਾਸਨ ਨੇ ਕਈ ਅਹਿਮ ਅਤੇ ਸਖ਼ਤ ਕਦਮ ਚੁੱਕੇ ਹਨ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਲਗਭਗ 170 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਦੋਂ ਕਿ ਚੰਡੀਗੜ੍ਹ ਵਿੱਚ 7 ਵਿਸ਼ੇਸ਼ ਕੇਂਦਰ ਸਥਾਪਤ ਹਨ।

ਇਹ ਪ੍ਰੀਖਿਆ ਦੁਪਹਿਰ 2:00 ਵਜੇ ਸ਼ੁਰੂ ਹੋਵੇਗੀ। ਇਸ ਲਈ ਸਾਰੇ ਪ੍ਰੀਖਿਆਰਥੀਆਂ ਨੂੰ ਦੁਪਹਿਰ 1:30 ਵਜੇ ਤੋਂ ਪਹਿਲਾਂ ਆਪਣੇ ਨਿਰਧਾਰਤ ਕੇਂਦਰਾਂ ‘ਤੇ ਰਿਪੋਰਟ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਹੈ।

ਸੁਰੱਖਿਆ ਨੂੰ ਲੈ ਕੇ ਖਾਸ ਪਲਾਨ:

  • ਪ੍ਰੀਖਿਆ ਕੇਂਦਰਾਂ ਦੀ ਸੂਚੀ ਗੁਪਤ: ਕਿਸੇ ਵੀ ਤਰ੍ਹਾਂ ਦੀ ਨਕਲ, ਹੇਰਾਫੇਰੀ ਜਾਂ ਦਲਾਲਾਂ ਦੇ ਦਖਲ ਨੂੰ ਰੋਕਣ ਲਈ NTA ਨੇ ਕੇਂਦਰਾਂ ਦੀ ਸੂਚੀ ਨੂੰ ਜਨਤਕ ਵੈੱਬਸਾਈਟ ‘ਤੇ ਪ੍ਰਕਾਸ਼ਿਤ ਨਹੀਂ ਕੀਤਾ ਹੈ। ਇਹ ਵੇਰਵੇ ਸਿਰਫ਼ ਵਿਦਿਆਰਥੀਆਂ ਦੇ ਐਡਮਿਟ ਕਾਰਡਾਂ ‘ਤੇ ਹੀ ਮੁਹੱਈਆ ਕਰਵਾਏ ਗਏ ਹਨ।
  • ਸਰਕਾਰੀ ਸਕੂਲਾਂ ਨੂੰ ਪਹਿਲ: ਨਿੱਜੀ ਸੰਸਥਾਵਾਂ ਦੇ ਦਖਲ ਤੋਂ ਬਚਣ ਲਈ ਇਸ ਵਾਰ ਜ਼ਿਆਦਾਤਰ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ ਵਿੱਚ ਹੀ ਬਣਾਏ ਗਏ ਹਨ।
  • DC ਦੀ ਨਿਗਰਾਨੀ ਹੇਠ ਪ੍ਰੀਖਿਆ: ਸਮੁੱਚੀ ਪ੍ਰੀਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ (DC) ਨੂੰ ਬਤੌਰ ਨੋਡਲ ਅਫ਼ਸਰ ਸੌਂਪੀ ਗਈ ਹੈ। ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਦੀ ਸੁਰੱਖਿਆ ਪੁਲਿਸ ਕਮਿਸ਼ਨਰ ਅਤੇ ਪੇਂਡੂ ਖੇਤਰਾਂ ਦੀ ਜ਼ਿੰਮੇਵਾਰੀ ਐਸ.ਐਸ.ਪੀ. (SSP) ਸੰਭਾਲਣਗੇ।
  • CRPF ਦਾ ਪਹਿਰਾ: ਕਸਟਡੀਅਨ ਬੈਂਕਾਂ ਤੋਂ ਪ੍ਰੀਖਿਆ ਸਮੱਗਰੀ (ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ) ਨੂੰ ਸੁਰੱਖਿਅਤ ਕੇਂਦਰਾਂ ਤੱਕ ਪਹੁੰਚਾਉਣ ਵਾਲੀਆਂ ਗੱਡੀਆਂ ਦੇ ਨਾਲ ਪੰਜਾਬ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਦੋ-ਦੋ ਹਥਿਆਰਬੰਦ ਜਵਾਨ ਤਾਇਨਾਤ ਰਹਿਣਗੇ।

ਕੇਂਦਰਾਂ ‘ਤੇ ਨਿਰਵਿਘਨ ਬਿਜਲੀ, ਮੈਡੀਕਲ ਅਤੇ ਫਾਇਰ ਬ੍ਰਿਗੇਡ ਦਾ ਪ੍ਰਬੰਧ

  • ਕੋਈ ਪਾਵਰ ਕੱਟ ਨਹੀਂ: ਪ੍ਰੀਖਿਆ ਦੌਰਾਨ ਬਿਜਲੀ ਸਪਲਾਈ ਨਿਰਵਿਘਨ ਰੱਖਣ ਲਈ ਪਾਵਰਕਾਮ (PSPCL) ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਬੈਕਅੱਪ ਦੇ ਤੌਰ ‘ਤੇ ਹਰੇਕ ਕੇਂਦਰ ‘ਤੇ ਜਨਰੇਟਰ ਸਿਸਟਮ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ।
  • ਸਿਹਤ ਅਤੇ ਸੁਰੱਖਿਆ: ਕਿਸੇ ਵੀ ਮੈਡੀਕਲ ਐਮਰਜੈਂਸੀ ਨਾਲ ਨਿਪਟਣ ਲਈ ਫਸਟ-ਏਡ ਕਿੱਟਾਂ ਅਤੇ ਜ਼ਰੂਰੀ ਦਵਾਈਆਂ ਸਮੇਤ ਡਾਕਟਰੀ ਟੀਮਾਂ ਤਾਇਨਾਤ ਰਹਿਣਗੀਆਂ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
  • ਸਾਈਬਰ ਸੈੱਲ ਦੀ ਨਜ਼ਰ: ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਪੇਪਰ ਲੀਕ ਦੀ ਝੂਠੀ ਖ਼ਬਰ ਨੂੰ ਫੈਲਣ ਤੋਂ ਰੋਕਣ ਲਈ ਪੁਲਿਸ ਦਾ ਸਾਈਬਰ ਸੈੱਲ 20 ਜੂਨ ਤੋਂ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਵਿਦਿਆਰਥੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਵੱਡੇ ਕਦਮ

1. ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ

ਪੰਜਾਬ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਪੰਜਾਬ ਰੋਡਵੇਜ਼ ਅਤੇ ਪਨਬਸ (PUNBUS) ਦੀਆਂ ਬੱਸਾਂ ਵਿੱਚ ਕਿਰਾਇਆ ਪੂਰੀ ਤਰ੍ਹਾਂ ਮੁਫ਼ਤ ਕਰ ਦਿੱਤਾ ਹੈ। ਯਾਤਰਾ ਦੌਰਾਨ ਉਮੀਦਵਾਰਾਂ ਨੂੰ ਆਪਣਾ NEET-UG ਐਡਮਿਟ ਕਾਰਡ ਅਤੇ ਆਧਾਰ ਕਾਰਡ ਦਿਖਾਉਣਾ ਹੋਵੇਗਾ। ਵਿਦਿਆਰਥੀ ਦੇ ਨਾਲ ਜਾਣ ਵਾਲੇ ਇੱਕ ਸਰਪ੍ਰਸਤ (ਮਾਪੇ/ਗਾਰਡੀਅਨ) ਨੂੰ ਵੀ ਇਸ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ।

2. ਰੇਲਵੇ ਵੱਲੋਂ 4 ਵਿਸ਼ੇਸ਼ ਟ੍ਰੇਨਾਂ ਦੀ ਸ਼ੁਰੂਆਤ

ਵਿਦਿਆਰਥੀਆਂ ਦੀ ਭੀੜ ਅਤੇ ਸਹੂਲਤ ਨੂੰ ਦੇਖਦੇ ਹੋਏ ਰੇਲਵੇ ਵੱਲੋਂ ਅੱਜ ਪੰਜਾਬ ਵਿੱਚ ਚਾਰ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਬਿਨਾਂ ਰਿਜ਼ਰਵੇਸ਼ਨ ਸਫ਼ਰ ਲਈ ਕਈ ਜਨਰਲ ਕੋਚ ਲਗਾਏ ਗਏ ਹਨ:

  1. ਬਠਿੰਡਾ-ਚੰਡੀਗੜ੍ਹ-ਬਠਿੰਡਾ ਸਪੈਸ਼ਲ (ਟ੍ਰੇਨ ਨੰਬਰ 04556/04555): ਸਵੇਰੇ 05:30 ਵਜੇ ਬਠਿੰਡਾ ਕੈਂਟ ਤੋਂ ਚੱਲ ਕੇ ਸਵੇਰੇ 11:00 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ‘ਚ ਚੰਡੀਗੜ੍ਹ ਤੋਂ ਸ਼ਾਮ 07:10 ਵਜੇ ਰਵਾਨਾ ਹੋਵੇਗੀ। ਇਹ ਭੁੱਚੂ, ਰਾਮਪੁਰਾ ਫੂਲ, ਤਪਾ, ਬਰਨਾਲਾ, ਧੂਰੀ, ਨਾਭਾ, ਪਟਿਆਲਾ, ਰਾਜਪੁਰਾ, ਸਰਹਿੰਦ, ਮੋਰਿੰਡਾ, ਖਰੜ ਅਤੇ ਮੋਹਾਲੀ ਵਿਖੇ ਰੁਕੇਗੀ।
  2. ਅੰਮ੍ਰਿਤਸਰ-ਲੁਧਿਆਣਾ-ਅੰਮ੍ਰਿਤਸਰ ਸਪੈਸ਼ਲ (ਟ੍ਰੇਨ ਨੰਬਰ 04666/04665): ਅੰਮ੍ਰਿਤਸਰ ਤੋਂ ਸਵੇਰੇ 09:50 ਵਜੇ ਚੱਲ ਕੇ ਬਿਆਸ, ਜਲੰਧਰ ਸ਼ਹਿਰ, ਫਗਵਾੜਾ, ਫਿਲੌਰ ਹੁੰਦੀ ਹੋਈ ਦੁਪਹਿਰ 12:10 ਵਜੇ ਲੁਧਿਆਣਾ ਪਹੁੰਚੇਗੀ। ਵਾਪਸੀ ‘ਚ ਲੁਧਿਆਣਾ ਤੋਂ ਸ਼ਾਮ 07:20 ਵਜੇ ਰਵਾਨਾ ਹੋ ਕੇ ਰਾਤ 10:05 ਵਜੇ ਅੰਮ੍ਰਿਤਸਰ ਪਹੁੰਚੇਗੀ।
  3. ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ (ਟ੍ਰੇਨ ਨੰਬਰ 04667/04668): ਲੁਧਿਆਣਾ ਤੋਂ ਸਵੇਰੇ 09:30 ਵਜੇ ਰਵਾਨਾ ਹੋ ਕੇ ਦੁਪਹਿਰ 12:10 ਵਜੇ ਅੰਮ੍ਰਿਤਸਰ ਪਹੁੰਚੇਗੀ ਅਤੇ ਵਾਪਸੀ ‘ਚ ਅੰਮ੍ਰਿਤਸਰ ਤੋਂ ਸ਼ਾਮ 07:40 ਵਜੇ ਚੱਲ ਕੇ ਰਾਤ 10:10 ਵਜੇ ਲੁਧਿਆਣਾ ਪਰਤੇਗੀ।
  4. ਫਿਰੋਜ਼ਪੁਰ ਛਾਉਣੀ-ਲੁਧਿਆਣਾ-ਫਿਰੋਜ਼ਪੁਰ ਛਾਉਣੀ ਸਪੈਸ਼ਲ (ਟ੍ਰੇਨ ਨੰਬਰ 04670/04669): ਮਾਲਵਾ ਖੇਤਰ ਦੇ ਵਿਦਿਆਰਥੀਆਂ ਲਈ ਇਹ ਟ੍ਰੇਨ ਸਵੇਰੇ 07:45 ਵਜੇ ਫਿਰੋਜ਼ਪੁਰ ਤੋਂ ਚੱਲ ਕੇ ਤਲਵੰਡੀ, ਮੋਗਾ, ਅਜੀਤਵਾਲ, ਜਗਰਾਉਂ ਅਤੇ ਮੁੱਲਾਂਪੁਰ ਹੁੰਦੀ ਹੋਈ ਸਵੇਰੇ 11:00 ਵਜੇ ਲੁਧਿਆਣਾ ਪਹੁੰਚੇਗੀ। ਵਾਪਸੀ ‘ਚ ਲੁਧਿਆਣਾ ਤੋਂ ਸ਼ਾਮ 07:00 ਵਜੇ ਰਵਾਨਾ ਹੋ ਕੇ ਰਾਤ 09:30 ਵਜੇ ਫਿਰੋਜ਼ਪੁਰ ਪਹੁੰਚੇਗੀ।

Read Latest News and Breaking News at Daily Post TV, Browse for more News

Ad
Ad