Banner

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ‘ਤੇ ਵਿਸ਼ੇਸ਼ ਸਮਾਗਮ

ਦੁਨਿਆਵੀ ਤਖ਼ਤ ਇਨਸਾਫ਼ ਦੇਣ ‘ਚ ਹੋ ਸਕਦੇ ਨੇ ਨਾਕਾਮ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਰ ਫ਼ਰਿਆਦੀ ਨੂੰ ਮਿਲਦੈ ਨਿਆਂ: ਜਥੇਦਾਰ ਛੇਵੇਂ ਪਾਤਸ਼ਾਹ ਵੱਲੋਂ ਜ਼ਬਰ-ਜ਼ੁਲਮ ਖ਼ਿਲਾਫ਼ ਕੀਤੀ ਗਈ ਸੀ ਸਿਰਜਣਾ; ਸਮੂਹ ਜਗਤ ਨੂੰ ਦਿੱਤਾ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਅੰਮ੍ਰਿਤਸਰ (05 ਜੁਲਾਈ, 2026): ਸਿੱਖ ਕੌਮ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ […]
Nishant Malyan
By : Updated On: 05 Jul 2026 11:20:AM
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ‘ਤੇ ਵਿਸ਼ੇਸ਼ ਸਮਾਗਮ

ਦੁਨਿਆਵੀ ਤਖ਼ਤ ਇਨਸਾਫ਼ ਦੇਣ ‘ਚ ਹੋ ਸਕਦੇ ਨੇ ਨਾਕਾਮ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਰ ਫ਼ਰਿਆਦੀ ਨੂੰ ਮਿਲਦੈ ਨਿਆਂ: ਜਥੇਦਾਰ

ਛੇਵੇਂ ਪਾਤਸ਼ਾਹ ਵੱਲੋਂ ਜ਼ਬਰ-ਜ਼ੁਲਮ ਖ਼ਿਲਾਫ਼ ਕੀਤੀ ਗਈ ਸੀ ਸਿਰਜਣਾ; ਸਮੂਹ ਜਗਤ ਨੂੰ ਦਿੱਤਾ ‘ਸਰਬੱਤ ਦੇ ਭਲੇ’ ਦਾ ਸੰਦੇਸ਼

ਅੰਮ੍ਰਿਤਸਰ (05 ਜੁਲਾਈ, 2026):

ਸਿੱਖ ਕੌਮ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਭਾਵਨਾ ਨਾਲ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਛੇਵੇਂ ਪਾਤਸ਼ਾਹ ਨੇ ਜ਼ੁਲਮ ਦੇ ਟਾਕਰੇ ਲਈ ਕੀਤੀ ਸੀ ਸਥਾਪਨਾ

ਇਸ ਇਤਿਹਾਸਕ ਮੌਕੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ਵ ਭਰ ਵਿੱਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਅਤੇ ਖਾਲਸਾ ਪੰਥ ਨੂੰ ਸਿਰਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਸੰਗਤ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ‘ਤੇ ਚਾਨਣਾ ਪਾਇਆ।

ਉਨ੍ਹਾਂ ਕਿਹਾ, “ਸੰਨ 1606 ਈਸਵੀ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਉਸ ਸਮੇਂ ਕੀਤੀ ਸੀ, ਜਦੋਂ ਦਿੱਲੀ ਦਾ ਦੁਨਿਆਵੀ ਤਖ਼ਤ ਜਬਰ ਅਤੇ ਜ਼ੁਲਮ ਦਾ ਪ੍ਰਤੀਕ ਬਣ ਚੁੱਕਾ ਸੀ ਅਤੇ ਆਮ ਲੋਕਾਂ ਦੀ ਇਨਸਾਫ਼ ਦੀ ਉਮੀਦ ਟੁੱਟ ਚੁੱਕੀ ਸੀ।” ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਰਵੋੱਚ ਸੰਸਥਾ ਦੀ ਸਥਾਪਨਾ ਦਾ ਮੁੱਖ ਮਕਸਦ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਪੱਖੋਂ ਇੱਕ ਸਹੀ ਅਤੇ ਸੱਚੀ ਦਿਸ਼ਾ ਪ੍ਰਦਾਨ ਕਰਨਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਪੂਰੀ ਮਨੁੱਖਤਾ ਲਈ ਹੱਕ-ਸੱਚ ਦਾ ਪ੍ਰਤੀਕ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੁਨਿਆਵੀ ਅਦਾਲਤਾਂ ਅਤੇ ਪ੍ਰਣਾਲੀਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਈ ਵਾਰ ਦੁਨਿਆਵੀ ਤਖ਼ਤ ਅਤੇ ਕਾਨੂੰਨੀ ਪ੍ਰਣਾਲੀਆਂ ਇਨਸਾਫ਼ ਦੇਣ ਵਿੱਚ ਦੇਰੀ ਕਰਦੀਆਂ ਹਨ ਜਾਂ ਪੂਰੀ ਤਰ੍ਹਾਂ ਨਾਕਾਮ ਰਹਿੰਦੀਆਂ ਹਨ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਅਜਿਹਾ ਪਵਿੱਤਰ ਅਸਥਾਨ ਹੈ ਜਿੱਥੇ ਹਰ ਫ਼ਰਿਆਦੀ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਹਮੇਸ਼ਾ ਹੱਕ, ਸੱਚ ਅਤੇ ਨਿਆਂ ਦੇ ਅਸੂਲਾਂ ‘ਤੇ ਫ਼ੈਸਲੇ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇੱਥੇ ਝੂਲਦੇ ਮੀਰੀ-ਪੀਰੀ ਦੇ ਦੋਵੇਂ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹਨ ਕਿ ਸਿੱਖ ਧਰਮ ਵਿੱਚ ਰੂਹਾਨੀਅਤ (ਪੀਰੀ) ਅਤੇ ਸੰਸਾਰਕ ਜ਼ਿੰਮੇਵਾਰੀਆਂ (ਮੀਰੀ) ਦੋਵੇਂ ਬਰਾਬਰ ਮਹੱਤਵ ਰੱਖਦੀਆਂ ਹਨ। ਕਿਸੇ ਵੀ ਨਿਰਦੋਸ਼ ‘ਤੇ ਜ਼ੁਲਮ ਕਰਨਾ ਜਾਂ ਫ਼ਰਜ਼ੀ ਮੁਕਾਬਲਿਆਂ ਰਾਹੀਂ ਕਿਸੇ ਦੀ ਜਾਨ ਲੈਣਾ ਮਨੁੱਖਤਾ ਦੇ ਸਭ ਤੋਂ ਵੱਡਾ ਖ਼ਿਲਾਫ਼ ਹੈ, ਅਤੇ ਨਿਆਂ ਹਰ ਹਾਲ ਵਿੱਚ ਯਕੀਨੀ ਹੋਣਾ ਚਾਹੀਦਾ ਹੈ।

ਕੌਮ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ

ਜਥੇਦਾਰ ਨੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖ ਕੌਮ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੌਮ ਨੂੰ ਆਪਸ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਪੰਥ-ਵਿਰੋਧੀ ਤਾਕਤਾਂ ਤੋਂ ਸੁਚੇਤ ਰਿਹਾ ਜਾਵੇ। ਸਾਰੇ ਸਿੱਖਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋਚਤਾ ਨੂੰ ਪ੍ਰਵਾਨ ਕਰਦਿਆਂ ਇਸੇ ਇੱਕ ਓਟ ਹੇਠ ਇਕੱਠੇ ਹੋਣਾ ਪਵੇਗਾ, ਤਾਂ ਜੋ ਗੁਰੂ ਸਾਹਿਬ ਦੇ ਬਖ਼ਸ਼ੇ ਸਾਂਝੇ ਪਰਿਵਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਆਪਣੇ ਸੰਦੇਸ਼ ਦੇ ਅੰਤ ਵਿੱਚ ਗਿਆਨੀ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਸੰਸਾਰ ਨੂੰ ਆਪਸੀ ਪਿਆਰ, ਭਾਈਚਾਰੇ ਅਤੇ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਦੇ ਮਹਾਨ ਸਿਧਾਂਤ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸਭ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨ ਦੀ ਅਪੀਲ ਕੀਤੀ।

Read Latest News and Breaking News at Daily Post TV, Browse for more News

Ad
Ad