ਪਾਕਿਸਤਾਨ ਤੋਂ ਚੱਲ ਰਹੇ ਡਰੱਗ ਨੈੱਟਵਰਕ ‘ਤੇ ਵਾਰ, 8 ਕਿਲੋ ਤੋਂ ਵੱਧ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ
Amritsar Police Action; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਰਹੱਦ ਪਾਰ ਚੱਲ ਰਹੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੈਲ ਦਾ ਪਰਦਾਫਾਸ਼ ਕਰਦਿਆਂ ਕੁੱਲ 8 ਕਿਲੋ 378 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਖਾਸਾ ਅਤੇ ਇੱਕ ਹੋਰ ਸਾਥੀ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ, ਏਸੀਪੀ ਕਮਲਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ। ਸ਼ੁਰੂਆਤੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 5 ਕਿਲੋ 10 ਗ੍ਰਾਮ ਹੈਰੋਇਨ ਅਤੇ ਕਰੀਬ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁੱਛਗਿੱਛ ਅਤੇ ਅੱਗੇ ਦੀ ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਹੋਰ 3 ਕਿਲੋ 378 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਇਸ ਤਰ੍ਹਾਂ ਕੁੱਲ ਬਰਾਮਦਗੀ 8.378 ਕਿਲੋ ਹੈਰੋਇਨ ਤੱਕ ਪਹੁੰਚ ਗਈ।
ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਲਵਪ੍ਰੀਤ ਸਿੰਘ ਖਾਸਾ ਪਿੰਡ ਦਾ ਰਹਿਣ ਵਾਲਾ ਹੈ, ਜੋ ਬੀ.ਏ. ਪਾਸ ਹੈ ਅਤੇ ਬੇਰੁਜ਼ਗਾਰ ਸੀ। ਉਸ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਪੈਸਾ ਕਮਾਉਣ ਦੀ ਲਾਲਚ ਅਤੇ ਬੇਰੁਜ਼ਗਾਰੀ ਕਾਰਨ ਕਈ ਨੌਜਵਾਨ ਨਸ਼ਾ ਤਸਕਰਾਂ ਦੇ ਜਾਲ ਵਿੱਚ ਫਸ ਰਹੇ ਹਨ। ਸਰਹੱਦ ਪਾਰ ਬੈਠੇ ਹੈਂਡਲਰ ਨੌਜਵਾਨਾਂ ਦਾ ਮਾਈਂਡ ਵਾਸ਼ ਕਰਕੇ ਉਨ੍ਹਾਂ ਨੂੰ ਗਲਤ ਰਾਹ ‘ਤੇ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਤਸਕਰ ਇਸ ਨੂੰ ਟਰਾਂਜ਼ਿਟ ਰੂਟ ਵਜੋਂ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਪਾਕਿਸਤਾਨ ਵਿਚ ਬੈਠੇ ਹੈਂਡਲਰ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਡਰੱਗ ਤਸਕਰੀ ਵਿੱਚ ਸ਼ਾਮਲ ਕਰਦੇ ਹਨ। ਇਸ ਲਈ ਮਾਪਿਆਂ, ਸਮਾਜ ਅਤੇ ਸਕੂਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੀ ਸਹੀ ਕੌਂਸਲਿੰਗ ਕਰਨ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਹੈ ਅਤੇ ਕਈ ਹੋਰ ਅਹਿਮ ਨਾਂ ਸਾਹਮਣੇ ਆਏ ਹਨ। ਉਨ੍ਹਾਂ ਬਾਰੇ ਫਿਲਹਾਲ ਜਾਂਚ ਦੇ ਮੱਦੇਨਜ਼ਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਨਾਲ ਜੁੜੇ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ। ਉਨ੍ਹਾਂ ਪੂਰੀ ਪੁਲਿਸ ਟੀਮ ਨੂੰ ਇਸ ਸਫਲ ਕਾਰਵਾਈ ਲਈ ਵਧਾਈ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।