Banner

ਪੰਜਾਬ ਕਾਂਗਰਸ ‘ਚ ਫਿਰ ਘਮਾਸਾਨ, ਚੰਨੀ ਵੱਲੋਂ ਅਹੁਦਾ ਛੱਡਣ ਦੇ ਸੰਕੇਤ

Punjab Congress Controversy; ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚਤਾਣ ਹਾਲੇ ਖ਼ਤਮ ਨਹੀਂ ਹੋਈ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਹੈ। ਚੰਨੀ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ […]
Jaspreet Singh
By : Updated On: 12 Jul 2026 19:49:PM
ਪੰਜਾਬ ਕਾਂਗਰਸ ‘ਚ ਫਿਰ ਘਮਾਸਾਨ, ਚੰਨੀ ਵੱਲੋਂ ਅਹੁਦਾ ਛੱਡਣ ਦੇ ਸੰਕੇਤ

Punjab Congress Controversy; ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚਤਾਣ ਹਾਲੇ ਖ਼ਤਮ ਨਹੀਂ ਹੋਈ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਹੈ। ਚੰਨੀ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਵਜੋਂ ਹੀ ਪਾਰਟੀ ਲਈ ਚੋਣ ਪ੍ਰਚਾਰ ਕਰ ਲੈਣਗੇ।

ਜਾਣਕਾਰੀ ਮੁਤਾਬਕ ਚੰਨੀ ਨੇ ਇਹ ਗੱਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਦੌਰਾਨ ਕਹੀ।

ਭੂਪੇਸ਼ ਬਘੇਲ ਤੋਂ ਹਾਈਕਮਾਂਡ ਨਾਰਾਜ਼?

ਉੱਧਰ ਕਾਂਗਰਸ ਹਾਈਕਮਾਂਡ ਨਾਲ ਜੁੜੇ ਸੂਤਰਾਂ ਮੁਤਾਬਕ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਤੋਂ ਹਾਈਕਮਾਂਡ ਨਾਰਾਜ਼ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਖ਼ਤਮ ਕਰਨ ਲਈ ਭੇਜਿਆ ਗਿਆ ਸੀ ਅਤੇ ਇਸ ਲਈ ਉਨ੍ਹਾਂ ਨੂੰ 5 ਦਿਨ ਦਾ ਸਮਾਂ ਦਿੱਤਾ ਗਿਆ ਸੀ।

ਪਰ ਸੂਤਰਾਂ ਦਾ ਕਹਿਣਾ ਹੈ ਕਿ ਗੁੱਟਬਾਜ਼ੀ ਘਟਣ ਦੀ ਬਜਾਏ ਹੋਰ ਵਧ ਗਈ। ਚੰਨੀ ਗੁੱਟ ਵਿੱਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਗਟ ਸਿੰਘ ਵਰਗੇ ਵੱਡੇ ਆਗੂ ਸ਼ਾਮਲ ਹੋਣ ਦੇ ਬਾਵਜੂਦ ਬਘੇਲ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਚੰਨੀ ਗੁੱਟ ਨੂੰ ਨਹੀਂ ਮਿਲਿਆ ਪੂਰਾ ਸਮਾਂ!

ਸੂਤਰਾਂ ਮੁਤਾਬਕ ਭੂਪੇਸ਼ ਬਘੇਲ ਨੇ ਪਹਿਲੇ 4 ਦਿਨ ਸਿਰਫ਼ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁੱਟ ਨਾਲ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਚੰਨੀ ਗੁੱਟ, ਜਿਸ ਕੋਲ 9 ਵਿਧਾਇਕਾਂ ਅਤੇ 3 ਸੰਸਦ ਮੈਂਬਰਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਆਖਰੀ ਦਿਨ ਬਘੇਲ ਨੇ ਚੰਨੀ ਗੁੱਟ ਨਾਲ ਮੁਲਾਕਾਤ ਤਾਂ ਕੀਤੀ, ਪਰ ਦੋਵੇਂ ਧੜਿਆਂ ਨੂੰ ਇੱਕ ਮੰਚ ‘ਤੇ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਇਲਾਵਾ ਚੰਨੀ ਗੁੱਟ ਨਾਲ ਮੁਲਾਕਾਤ ਤੋਂ ਬਾਅਦ ਬਘੇਲ ਦਾ ਰਾਜਾ ਵੜਿੰਗ ਨਾਲ ਇਕੱਠੇ ਨਿਕਲਣਾ ਵੀ ਚੰਨੀ ਧੜੇ ਨੂੰ ਨਾਰਾਜ਼ ਕਰ ਗਿਆ।

ਗੁੱਟਬਾਜ਼ੀ ਵਧੀ ਤਾਂ ਬਘੇਲ ਦੀ ਕੁਰਸੀ ‘ਤੇ ਵੀ ਖ਼ਤਰਾ

ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜੇਕਰ ਪੰਜਾਬ ਕਾਂਗਰਸ ਦਾ ਕਲੇਸ਼ ਵਧਦਾ ਹੈ ਤਾਂ ਭੂਪੇਸ਼ ਬਘੇਲ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ।

ਸਾਲ 2021 ਵਿੱਚ ਵੀ ਇਸੇ ਤਰ੍ਹਾਂ ਪੰਜਾਬ ਪ੍ਰਭਾਰੀ ਰਹੇ ਹਰੀਸ਼ ਰਾਵਤ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ।

ਇਸ ਤੋਂ ਬਾਅਦ ਵੀ ਪਾਰਟੀ ਅੰਦਰ ਬਗਾਵਤ ਜਾਰੀ ਰਹੀ ਅਤੇ 2022 ਦੀਆਂ ਚੋਣਾਂ ਵਿੱਚ ਕਾਂਗਰਸ 2017 ਦੀਆਂ 77 ਸੀਟਾਂ ਤੋਂ ਘਟ ਕੇ ਸਿਰਫ਼ 18 ਸੀਟਾਂ ‘ਤੇ ਰਹਿ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤ ਕੇ ਵੱਡੀ ਜਿੱਤ ਦਰਜ ਕੀਤੀ ਸੀ।

ਚੰਨੀ ਗੁੱਟ ਪਹਿਲਾਂ ਹੀ ਜਤਾ ਚੁੱਕਾ ਹੈ ਵਿਰੋਧ

ਚਰਨਜੀਤ ਚੰਨੀ ਦਾ ਗੁੱਟ ਪਹਿਲਾਂ ਹੀ ਭੂਪੇਸ਼ ਬਘੇਲ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕ ਚੁੱਕਾ ਹੈ। ਗੁੱਟ ਦਾ ਦੋਸ਼ ਹੈ ਕਿ ਬਘੇਲ ਨੇ ਹਾਈਕਮਾਂਡ ਨੂੰ ਪੰਜਾਬ ਦੀ ਅਸਲ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰਹੀ।

ਹਾਲ ਹੀ ਦੀ ਮੀਟਿੰਗ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਵੀ ਬਘੇਲ ਦੇ ਸਾਹਮਣੇ ਉਨ੍ਹਾਂ ਦੇ ਇੰਟਰਵਿਊ ਅਤੇ ਬਿਆਨਾਂ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਚੇਤਾਵਨੀਆਂ ਦੇਣ ਦੀ ਬਜਾਏ ਪਾਰਟੀ ਨੂੰ ਇਕਜੁੱਟ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।

ਰਾਜਾ ਵੜਿੰਗ ਨੂੰ ਕੀ ਮਿਲਿਆ?

ਪ੍ਰਧਾਨਗੀ ਦੀ ਕੁਰਸੀ ਬਚ ਗਈ

ਹਾਈਕਮਾਂਡ ਨੇ ਤੁਰੰਤ ਲੀਡਰਸ਼ਿਪ ਬਦਲਣ ਤੋਂ ਇਨਕਾਰ ਕੀਤਾ
ਪਰ ਹੁਣ ਸਭ ਤੋਂ ਵੱਡੀ ਚੁਣੌਤੀ ਪਾਰਟੀ ਨੂੰ ਇਕਜੁੱਟ ਰੱਖਣ ਦੀ ਹੋਵੇਗੀ

ਚਰਨਜੀਤ ਚੰਨੀ ਨੂੰ ਕੀ ਮਿਲਿਆ?

ਲੀਡਰਸ਼ਿਪ ਬਦਲਣ ਦੀ ਮੰਗ ਪੂਰੀ ਨਹੀਂ ਹੋਈ
ਪਰ ਉਨ੍ਹਾਂ ਨੇ ਆਪਣਾ ਸਿਆਸੀ ਪ੍ਰਭਾਵ ਦਿਖਾ ਦਿੱਤਾ
ਕਾਂਗਰਸ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਖਾਸ ਕਰਕੇ ਦਲਿਤ ਵੋਟ ਬੈਂਕ ਦੇ ਮੱਦੇਨਜ਼ਰ

ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਪੰਜਾਬ ਕਾਂਗਰਸ ਦਾ ਇਹ ਅੰਦਰੂਨੀ ਵਿਵਾਦ ਆਉਣ ਵਾਲੇ ਦਿਨਾਂ ਵਿੱਚ ਕਿਸ ਦਿਸ਼ਾ ਵੱਲ ਜਾਂਦਾ ਹੈ।

Read Latest News and Breaking News at Daily Post TV, Browse for more News

Ad
Ad