ਤਰਨਤਾਰਨ ‘ਚ ਬੰਦੂਕ ਦੀ ਨੋਕ ‘ਤੇ ਲੁੱਟ, 20 ਲੱਖ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ
Tarntaran Robbery; ਤਰਨਤਾਰਨ ਅਧੀਨ ਆਉਂਦੇ ਪਿੰਡ ਨੌਰੰਗਾਬਾਦ ਵਿੱਚ ਐਤਵਾਰ ਦੇਰ ਰਾਤ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਘਰ ਵਿੱਚ ਮੌਜੂਦ ਮਾਂ-ਧੀ ਅਤੇ 5 ਸਾਲਾ ਮਾਸੂਮ ਬੱਚੀ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਲਿਆ ਅਤੇ ਲੱਖਾਂ ਰੁਪਏ ਦੀ ਨਕਦੀ, ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਘਰੇਲੂ ਸਾਮਾਨ ਲੁੱਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਉਸ ਸਮੇਂ ਹੋਈ ਜਦੋਂ ਬਲਜਿੰਦਰ ਕੌਰ, ਉਨ੍ਹਾਂ ਦੀ ਧੀ ਅਮੋਲਦੀਪ ਕੌਰ ਅਤੇ 5 ਸਾਲਾ ਬੱਚੀ ਘਰ ਵਿੱਚ ਮੌਜੂਦ ਸਨ। ਦੇਰ ਰਾਤ ਅਚਾਨਕ ਘਰ ਵਿੱਚ ਦਾਖਲ ਹੋਏ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।
ਗਹਿਣੇ ਤੇ ਨਕਦੀ ਦੇ ਨਾਲ CCTV ਦਾ DVR ਵੀ ਲੈ ਗਏ ਲੁਟੇਰੇ
ਪੀੜਤ ਪਰਿਵਾਰ ਮੁਤਾਬਕ ਲੁਟੇਰਿਆਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਸਿਰਫ਼ ਨਕਦੀ ਅਤੇ ਗਹਿਣੇ ਹੀ ਨਹੀਂ ਲੈ ਕੇ ਗਏ, ਸਗੋਂ ਘਰ ਵਿੱਚ ਖੜ੍ਹੀ ਬੁਲੇਟ ਮੋਟਰਸਾਈਕਲ, ਘਰੇਲੂ ਗੈਸ ਸਿਲੰਡਰ ਅਤੇ ਪਛਾਣ ਲੁਕਾਉਣ ਲਈ ਘਰ ਵਿੱਚ ਲੱਗੇ CCTV ਕੈਮਰਿਆਂ ਦਾ DVR ਵੀ ਉਖਾੜ ਕੇ ਨਾਲ ਲੈ ਗਏ।
ਮੌਕੇ ‘ਤੇ ਪਹੁੰਚੇ DSP, ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਡਿਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ DSP ਹਰਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
DSP ਹਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾਵਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਦਰ ਤਰਨਤਾਰਨ ਵਿੱਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ। ਆਸ-ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਨੌਰੰਗਾਬਾਦ ਅਤੇ ਨੇੜਲੇ ਰਸਤਿਆਂ ‘ਤੇ ਲੱਗੇ ਹੋਰ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੇ ਫਰਾਰ ਹੋਣ ਵਾਲੇ ਰਸਤੇ ਦਾ ਪਤਾ ਲਗਾਇਆ ਜਾ ਸਕੇ।