1 ਜੁਲਾਈ ਤੋਂ 10 ਵੱਡੇ ਬਦਲਾਅ, ਪੈਟਰੋਲ-ਡੀਜ਼ਲ ਅਤੇ ਕਮਰਸ਼ੀਅਲ LPG ਸਿਲੰਡਰ ਸਸਤਾ
ਜੁਲਾਈ ਮਹੀਨੇ ਦੀ ਸ਼ੁਰੂਆਤ ਨਾਲ ਬਦਲੇ ਕਈ ਨਿਯਮ
ਅੱਜ ਯਾਨੀ 1 ਜੁਲਾਈ 2026 ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਵਿੱਚ ਕਈ ਵੱਡੇ ਨਿਯਮ ਅਤੇ ਬਦਲਾਅ ਲਾਗੂ ਹੋ ਗਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ‘ਤੇ ਪੈਣ ਵਾਲਾ ਹੈ। ਐਲਪੀਜੀ ਸਿਲੰਡਰ, ਆਈਟੀਆਰ (ITR), ਕ੍ਰੈਡਿਟ ਕਾਰਡ, ਆਧਾਰ, ਪਾਸਪੋਰਟ ਅਤੇ ਰੇਲਵੇ ਸਮੇਤ ਕਈ ਮਹੱਤਵਪੂਰਨ ਸੇਵਾਵਾਂ ਦੇ ਨਿਯਮ ਬਦਲ ਗਏ ਹਨ। ਜਿੱਥੇ ਕੁਝ ਨਿਯਮਾਂ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਕੁਝ ਬਦਲਾਵਾਂ ਕਾਰਨ ਖ਼ਰਚਾ ਵੀ ਵਧ ਗਿਆ ਹੈ। ਆਓ ਜਾਣਦੇ ਹਾਂ ਅੱਜ ਤੋਂ ਲਾਗੂ ਹੋਣ ਵਾਲੇ ਇਨ੍ਹਾਂ 10 ਵੱਡੇ ਬਦਲਾਵਾਂ ਬਾਰੇ:
1. ਕਮਰਸ਼ੀਅਲ LPG ਸਿਲੰਡਰ ਹੋਇਆ ਸਸਤਾ
ਜੁਲਾਈ ਮਹੀਨੇ ਦੀ ਸ਼ੁਰੂਆਤ ਇੱਕ ਵੱਡੀ ਖ਼ੁਸ਼ਖ਼ਬਰੀ ਨਾਲ ਹੋਈ ਹੈ। ਸਰਕਾਰੀ ਤੇਲ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 183.50 ਰੁਪਏ ਦੀ ਭਾਰੀ ਕਟੌਤੀ ਕੀਤੀ ਹੈ। ਇੰਡੀਅਨ ਆਇਲ ਦੇ ਨਵੇਂ ਰੇਟਾਂ ਮੁਤਾਬਕ, ਦਿੱਲੀ ਵਿੱਚ ਜਿਹੜਾ ਕਮਰਸ਼ੀਅਲ ਸਿਲੰਡਰ ਹੁਣ ਤੱਕ 3,113.50 ਰੁਪਏ ਵਿੱਚ ਮਿਲ ਰਿਹਾ ਸੀ, ਉਹ ਹੁਣ 2,930 ਰੁਪਏ ਵਿੱਚ ਮਿਲੇਗਾ। ਇਸ ਨਾਲ ਹੋਟਲ, ਢਾਬਾ ਅਤੇ ਰੈਸਟੋਰੈਂਟ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ, 14.2 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
2. ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਤੋਂ ਬਾਅਦ ਪ੍ਰਾਈਵੇਟ ਫਿਊਲ ਰਿਟੇਲਰ ‘ਨਾਇਰਾ ਐਨਰਜੀ’ (Nayara Energy) ਨੇ ਆਮ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਦੇਸ਼ ਭਰ ਵਿੱਚ ਆਪਣੇ ਪੈਟਰੋਲ ਪੰਪਾਂ ‘ਤੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।
3. ਪੈਟਰੋਲ-ਡੀਜ਼ਲ ਦੀ ਵਿਕਰੀ ਤੋਂ ਹਟੀ ਲਿਮਿਟ
ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਆਮ ਵਾਂਗ ਹੋਣ ਤੋਂ ਬਾਅਦ ਸਰਕਾਰ ਨੇ ਪੈਟਰੋਲ-ਡੀਜ਼ਲ ਦੀ ਵਿਕਰੀ ‘ਤੇ ਲਗਾਏ ਗਏ ਅਸਥਾਈ ਪ੍ਰਤੀਬੰਧਾਂ ਨੂੰ 1 ਜੁਲਾਈ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਮੁਤਾਬਕ, ਪੱਛਮੀ ਏਸ਼ੀਆ ਸੰਕਟ ਦੌਰਾਨ ਕਾਲਾਬਾਜ਼ਾਰੀ ਰੋਕਣ ਲਈ ਪ੍ਰਤੀ ਵਾਹਨ ਰੋਜ਼ਾਨਾ ਵੱਧ ਤੋਂ ਵੱਧ 200 ਲੀਟਰ ਡੀਜ਼ਲ ਦੀ ਜੋ ਸੀਮਾ (ਲਿਮਿਟ) ਤੈਅ ਕੀਤੀ ਗਈ ਸੀ, ਉਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਆਮ ਵਾਂਗ ਤੇਲ ਦੀ ਵਿਕਰੀ ਹੋਵੇਗੀ।
4. ਆਧਾਰ ਕਾਰਡ ਵਿੱਚ ਈਮੇਲ ਆਈਡੀ ਅਪਡੇਟ ਕਰਨਾ ਹੋਇਆ ਮੁਫ਼ਤ
1 ਜੁਲਾਈ ਤੋਂ ਆਧਾਰ ਕਾਰਡ ਦੇ ਨਿਯਮਾਂ ਵਿੱਚ ਵੀ ਬਦਲਾਅ ਹੋਇਆ ਹੈ। ਹੁਣ ਤੱਕ ਆਧਾਰ ਕਾਰਡ ਵਿੱਚ ਈਮੇਲ ਆਈਡੀ ਅਪਡੇਟ ਕਰਨ ਲਈ 75 ਰੁਪਏ ਦੀ ਫੀਸ ਦੇਣੀ ਪੈਂਦੀ ਸੀ, ਪਰ ਹੁਣ ਇਹ ਸੇਵਾ ਪੂਰੀ ਤਰ੍ਹਾਂ ਫ੍ਰੀ (ਮੁਫ਼ਤ) ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਛੋਟ ਸਿਰਫ਼ ਆਧਾਰ ਮੋਬਾਈਲ ਐਪ (Aadhaar App) ਰਾਹੀਂ ਕੀਤੇ ਗਏ ਅਪਡੇਟ ‘ਤੇ ਹੀ ਲਾਗੂ ਹੋਵੇਗੀ। UIDAI ਨੇ ਲੋਕਾਂ ਨੂੰ ਪੁਰਾਣੇ mAadhaar ਐਪ ਦੀ ਜਗ੍ਹਾ ਨਵਾਂ ‘Aadhaar App’ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ।
5. ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਬਦਲਾਅ
ਐਸਬੀਆਈ (SBI) ਅਤੇ ਐਚਡੀਐਫਸੀ (HDFC) ਸਮੇਤ ਕਈ ਵੱਡੇ ਬੈਂਕਾਂ ਨੇ 1 ਜੁਲਾਈ ਤੋਂ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। SBI ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਸਟ੍ਰਕਚਰ ਵਿੱਚ ਬਦਲਾਅ ਕੀਤਾ ਗਿਆ ਹੈ। ਦੂਜੇ ਪਾਸੇ, HDFC ਬੈਂਕ ਨੇ ਏਅਰਪੋਰਟ ਲੌਂਜ ਐਕਸੈਸ (Airport Lounge Access) ਲਈ ਖ਼ਰਚੇ ਦੀਆਂ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ, ਯਾਨੀ ਹੁਣ ਲੌਂਜ ਦੀ ਸੁਵਿਧਾ ਲਈ ਪਿਛਲੀ ਤਿਮਾਹੀ ਵਿੱਚ ਇੱਕ ਤੈਅ ਰਕਮ ਖ਼ਰਚ ਕਰਨੀ ਜ਼ਰੂਰੀ ਹੋਵੇਗੀ।
6. ਪਾਸਪੋਰਟ ਬਣਵਾਉਣਾ ਹੋਇਆ ਮਹਿੰਗਾ
ਜੇਕਰ ਤੁਸੀਂ ਨਵਾਂ ਪਾਸਪੋਰਟ ਬਣਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਡੀ ਜੇਬ ‘ਤੇ ਬੋਝ ਵਧਣ ਵਾਲਾ ਹੈ। 1 ਜੁਲਾਈ 2026 ਤੋਂ ਪਾਸਪੋਰਟ ਦੀਆਂ ਫੀਸਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ:
- 36 ਪੇਜਾਂ ਵਾਲਾ ਪਾਸਪੋਰਟ: ਹੁਣ 1,500 ਰੁਪਏ ਦੀ ਬਜਾਏ 2,500 ਰੁਪਏ ਦੇਣੇ ਪੈਣਗੇ। ਤਤਕਾਲ ਸੇਵਾ (Tatkal) ਦੇ ਤਹਿਤ ਇਸ ਲਈ 5,000 ਰੁਪਏ ਖ਼ਰਚ ਹੋਣਗੇ।
- 60 ਪੇਜਾਂ ਵਾਲਾ ਪਾਸਪੋਰਟ: ਹੁਣ 2,000 ਰੁਪਏ ਦੀ ਬਜਾਏ 3,500 ਰੁਪਏ ਫੀਸ ਲੱਗੇਗੀ ਅਤੇ ਤਤਕਾਲ ਸੇਵਾ ਦੇ ਤਹਿਤ ਇਸ ਦੀ ਕੀਮਤ 6,000 ਰੁਪਏ ਹੋਵੇਗੀ।
7. ਦਿੱਲੀ ਵਿੱਚ ਨਵੀਂ ਈਵੀ (EV) ਪਾਲਿਸੀ ਲਾਗੂ
ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ 1 ਜੁਲਾਈ ਤੋਂ ਨਵੀਂ ਇਲੈਕਟ੍ਰਿਕ ਵਾਹਨ (EV) ਪਾਲਿਸੀ ਲਾਗੂ ਹੋਣ ਜਾ ਰਹੀ ਹੈ। ਇਸ ਨਵੀਂ ਨੀਤੀ ਦੇ ਤਹਿਤ ਈਵੀ ਗੱਡੀਆਂ ਖਰੀਦਣ ਵਾਲੇ ਲੋਕਾਂ ਨੂੰ ਭਾਰੀ ਛੋਟ ਅਤੇ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਇਸ ਨੀਤੀ ‘ਤੇ ਅਗਲੇ ਚਾਰ ਸਾਲਾਂ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ ਅਤੇ ਇਹ ਨੀਤੀ 31 ਮਾਰਚ 2030 ਤੱਕ ਪ੍ਰਭਾਵਸ਼ਾਲੀ ਰਹੇਗੀ।
8. ਰੇਲਵੇ ਨੇ ਸਖ਼ਤ ਕੀਤੇ ਜੁਰਮਾਨੇ ਦੇ ਨਿਯਮ
ਭਾਰਤੀ ਰੇਲਵੇ ਨੇ 1 ਜੁਲਾਈ ਤੋਂ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਅਤੇ ਗ਼ੈਰ-ਕਾਨੂੰਨੀ ਸਾਮਾਨ ਲੈ ਕੇ ਜਾਣ ਵਾਲਿਆਂ ਖ਼ਿਲਾਫ਼ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਹੁਣ ਟ੍ਰੇਨ ਵਿੱਚ ਬਿਨਾਂ ਟਿਕਟ ਸਫ਼ਰ ਕਰਨ ‘ਤੇ ਯਾਤਰਾ ਦੇ ਕਿਰਾਏ ਦੇ ਨਾਲ ਲੱਗਣ ਵਾਲਾ ਜੁਰਮਾਨਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟ੍ਰੇਨ ਵਿੱਚ ਪਾਬੰਦੀਸ਼ੁਦਾ (Restrictive) ਸਾਮਾਨ ਲੈ ਕੇ ਜਾਣ ‘ਤੇ ਜੁਰਮਾਨਾ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ।
9. ITR ਫਾਈਲ ਕਰਨ ਦੀ ਆਖਰੀ ਤਾਰੀਖ਼ ਨੇੜੇ
ਨਵੇਂ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਤੈਅ ਕੀਤੀ ਗਈ ਹੈ। ਜੇਕਰ ਤੁਸੀਂ ਇਸ ਤਾਰੀਖ਼ ਤੱਕ ਆਪਣੀ ਰਿਟਰਨ ਫਾਈਲ ਨਹੀਂ ਕਰਦੇ, ਤਾਂ ਤੁਹ ਹੋਰ ਦੇਰੀ ਕਰਨ ‘ਤੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦਾ ਜੁਰਮਾਨਾ (ਪੇਨਾਲਟੀ) ਭਰਨਾ ਪੈ ਸਕਦਾ ਹੈ। ਇਸ ਲਈ ਆਖਰੀ ਸਮੇਂ ਦੀ ਉਡੀਕ ਕੀਤੇ ਬਿਨਾਂ ਤੁਰੰਤ ਆਈਟੀਆਰ ਫਾਈਲ ਕਰ ਲੈਣੀ ਚਾਹੀਦੀ ਹੈ।
10. ‘ਫਸਲ ਬੀਮਾ ਮਹੀਨਾ’ ਮੁਹਿੰਮ ਦੀ ਸ਼ੁਰੂਆਤ
ਦੇਸ਼ ਭਰ ਦੇ ਕਿਸਾਨਾਂ ਲਈ 1 ਜੁਲਾਈ ਤੋਂ ‘ਫਸਲ ਬੀਮਾ ਮਹੀਨਾ’ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਕਿਸਾਨਾਂ ਨੂੰ ‘ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ’ (PMFBY) ਨਾਲ ਜੋੜਨਾ ਹੈ, ਤਾਂ ਜੋ ਕੁਦਰਤੀ ਆਫ਼ਤਾਂ, ਬੇਮੌਸਮੀ ਬਾਰਸ਼, ਗੜ੍ਹੇਮਾਰੀ ਜਾਂ ਹੋਰ ਜੋਖਮਾਂ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਦੀ ਭਰਪਾਈ ਆਸਾਨੀ ਨਾਲ ਕੀਤੀ ਜਾ ਸਕੇ। ਇਹ ਮੁਹਿੰਮ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਜੁਲਾਈ ਤੱਕ ਪੂਰੇ ਦੇਸ਼ ਵਿੱਚ ਚਲਾਈ ਜਾਵੇਗੀ।