11 ਸਾਲ ਪੁਰਾਣੇ ਡੀਐੱਸਪੀ ਕਤਲ ਕੇਸ ’ਚ ਸਾਬਕਾ ਸਰਪੰਚ ਸਮੇਤ 4 ਨੂੰ ਉਮਰ ਕੈਦ
ਸੋਨੀਪਤ: ਹਰਿਆਣਾ ਦੇ ਸੋਨੀਪਤ ਵਿੱਚ ਕਰੀਬ 11 ਸਾਲ ਪੁਰਾਣੇ ਚਰਚਿਤ ਡੀਐੱਸਪੀ ਕਤਲ ਮਾਮਲੇ ਵਿੱਚ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਾਬਕਾ ਸਰਪੰਚ ਸਮੇਤ ਚਾਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਾਲ 2015 ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਕਾਰਨ ਹੋਏ ਇਸ ਕਤਲ ਮਾਮਲੇ ਦੀ ਸੁਣਵਾਈ ਕਰਦਿਆਂ ਸੈਸ਼ਨ ਜੱਜ ਜਗਜੀਤ ਸਿੰਘ ਦੀ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ। ਇਸੇ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਲੋੜੀਂਦੇ ਸਬੂਤ ਨਾ ਮਿਲਣ ਕਾਰਨ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਉਸ ਦੇ ਦੋ ਪੁੱਤਰਾਂ ਹਰਪਾਲ ਉਰਫ਼ ਦੀਪਕ ਅਤੇ ਪ੍ਰਵੀਨ ਤੋਂ ਇਲਾਵਾ ਸੁਨੀਲ ਉਰਫ਼ ਉੱਲੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਚੋਣ ਪ੍ਰਚਾਰ ਤੋਂ ਪਰਤਦਿਆਂ ਕੀਤਾ ਸੀ ਹਮਲਾ
ਪੁਲਿਸ ਕੋਲ ਦਰਜ ਐੱਫਆਈਆਰ ਮੁਤਾਬਕ, 2 ਅਕਤੂਬਰ 2015 ਦੀ ਰਾਤ ਕਰੀਬ 10:30 ਵਜੇ ਸ਼ਿਕਾਇਤਕਰਤਾ ਜੋਗਿੰਦਰ ਆਪਣੇ ਸਾਥੀਆਂ ਨਾਲ ਚੋਣ ਪ੍ਰਚਾਰ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਵਿੱਚ ਰਾਮਫਲ ਦੇ ਘਰ ਨੇੜੇ ਪਹੁੰਚੇ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਮੁਲਜ਼ਮਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਅਨੁਸਾਰ, ਸੁਰਿੰਦਰ ਸਰਪੰਚ, ਉਸ ਦੇ ਪੁੱਤਰ ਦੀਪਕ ਅਤੇ ਪ੍ਰਵੀਨ ਸਮੇਤ ਹੋਰ ਮੁਲਜ਼ਮਾਂ ਨੇ ਦੇਸੀ ਕੱਟਿਆਂ ਅਤੇ ਪਿਸਤੌਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਸੱਜਣ ਸਿੰਘ ਨੂੰ ਕਈ ਗੋਲੀਆਂ ਲੱਗੀਆਂ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ 10 ਸੱਟਾਂ ਦੀ ਪੁਸ਼ਟੀ ਹੋਈ ਸੀ। ਹਮਲੇ ਦੌਰਾਨ ਉਸ ਦੇ ਤਾਇਆ ਰਾਮ ਕੁਮਾਰ ਦੇ ਨੱਕ ’ਤੇ ਵੀ ਗੋਲੀ ਲੱਗੀ ਸੀ।
ਕੁਸ਼ਤੀ ’ਚ ਜਿੱਤੇ ਸਨ ਕਈ ਤਗਮੇ
ਸੱਜਣ ਸਿੰਘ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੇ ਸਨ। ਉਨ੍ਹਾਂ ਨੇ 1997 ਤੋਂ 2006 ਤੱਕ ਕੁਸ਼ਤੀ ਵਿੱਚ ਕਈ ਤਗਮੇ ਜਿੱਤੇ ਅਤੇ ‘ਭਾਰਤ ਕੁਮਾਰ’ ਦਾ ਖਿਤਾਬ ਵੀ ਹਾਸਲ ਕੀਤਾ ਸੀ। ਖੇਡ ਕੋਟੇ ਰਾਹੀਂ ਉਹ ਸੀਆਰਪੀਐੱਫ ਵਿੱਚ ਭਰਤੀ ਹੋਏ ਅਤੇ ਬਾਅਦ ਵਿੱਚ ਆਲ ਇੰਡੀਆ ਪੁਲਿਸ ਗੇਮਜ਼ ਵਿੱਚ ਸੋਨ ਤਗਮਾ ਜਿੱਤਿਆ। ਸੀਆਰਪੀਐੱਫ ਤੋਂ ਸਵੈ-ਇੱਛੁਕ ਸੇਵਾਮੁਕਤੀ ਲੈਣ ਸਮੇਂ ਉਹ ਡੀਐੱਸਪੀ ਦੇ ਅਹੁਦੇ ਤੱਕ ਪਹੁੰਚ ਚੁੱਕੇ ਸਨ। ਕਤਲ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ਵਿੱਚ ‘ਭਾਰਤ ਕੇਸਰੀ’ ਦੰਗਲ ਵੀ ਕਰਵਾਇਆ ਸੀ।