ਪੰਜਾਬ ਦੀਆਂ ਮੰਡੀਆਂ ’ਚ 14.86 ਲੱਖ ਟਨ ਝੋਨੇ ਦੀ ਆਮਦ, 13.90 ਲੱਖ ਟਨ ਦੀ ਖ਼ਰੀਦ
14.86 lakh tonnes of paddy arrived in Punjab’s mandis: ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 14.86 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 13.90 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ। ਇਸ ਵਿੱਚੋਂ 13.70 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਹੈ, ਜਦਕਿ ਹੁਣ ਤੱਕ 2.37 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਹੋਈ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਵਿੱਚੋਂ ਪਨਗ੍ਰੇਨ ਨੇ 5,61,824 ਮੀਟ੍ਰਿਕ ਟਨ, ਮਾਰਕਫੈੱਡ ਨੇ 3,94,764 ਮੀਟ੍ਰਿਕ ਟਨ, ਪਨਸਪ ਨੇ 2,49,075 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 1,63,013 ਮੀਟ੍ਰਿਕ ਟਨ ਅਤੇ ਐੱਫਸੀਆਈ ਨੇ 1,542 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਤੱਕ ਮੰਡੀਆਂ ਵਿੱਚ 2,78,291 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਦਕਿ ਇਸ ਵਿੱਚੋਂ 2,76,234 ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ।
ਮੰਡੀਆਂ ਵਿੱਚ ਖ਼ਰੀਦ ਦੇ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮੁਤਾਬਕ, ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਗੁਦਾਮਾਂ ’ਚੋਂ ਅਨਾਜ ਦੀ ਲਿਫ਼ਟਿੰਗ ਲਈ ਕੇਂਦਰ ਨੂੰ ਅਪੀਲ
ਮੰਡੀ ਬੋਰਡ ਦੇ ਚੇਅਰਮੈਨ ਨੇ ਪੰਜਾਬ ਦੇ ਗੁਦਾਮਾਂ ਵਿੱਚ ਪਹਿਲਾਂ ਤੋਂ ਪਏ ਅਨਾਜ ਦੀ ਲਿਫ਼ਟਿੰਗ ਨਾ ਹੋਣ ਕਾਰਨ ਨਵੀਂ ਫ਼ਸਲ ਦੇ ਭੰਡਾਰਨ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਗੁਦਾਮਾਂ ਵਿੱਚੋਂ ਪੁਰਾਣਾ ਅਨਾਜ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਤਾਂ ਨਵੀਂ ਫ਼ਸਲ ਨੂੰ ਸਟੋਰ ਕਰਨ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਗੁਦਾਮਾਂ ਵਿੱਚ ਪਏ ਅਨਾਜ ਨੂੰ ਤੁਰੰਤ ਚੁਕਵਾਉਣ ਲਈ ਕਦਮ ਚੁੱਕੇ ਜਾਣ, ਤਾਂ ਜੋ ਨਵੀਂ ਆ ਰਹੀ ਝੋਨੇ ਦੀ ਫ਼ਸਲ ਦੇ ਭੰਡਾਰਨ ਲਈ ਲੋੜੀਂਦੀ ਜਗ੍ਹਾ ਉਪਲਬਧ ਹੋ ਸਕੇ।
