28 ਸਤੰਬਰ ਤੋਂ ਬੈਂਕ ਕਰਮਚਾਰੀਆਂ ਦੀ 3 ਦਿਨਾਂ ਦੇਸ਼ਵਿਆਪੀ ਹੜਤਾਲ, ਗਾਹਕਾਂ ਲਈ ਐਡਵਾਈਜ਼ਰੀ ਜਾਰੀ
3-day nationwide strike by bank employees: ਨਵੀਂ ਦਿੱਲੀ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਬੈਂਕਿੰਗ ਸਮੇਤ ਪੈਨਸ਼ਨ ਅਤੇ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਸੱਦੀ ਗਈ ਹੈ। ਹੜਤਾਲ ਦੇ ਮੱਦੇਨਜ਼ਰ ਕਈ ਸਰਕਾਰੀ ਅਤੇ ਪੁਰਾਣੇ ਪ੍ਰਾਈਵੇਟ ਬੈਂਕਾਂ ਨੇ ਗਾਹਕਾਂ ਨੂੰ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਹੈ। ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਬੈਂਕਾਂ ਨੂੰ ਐਤਵਾਰ, 27 ਸਤੰਬਰ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੜਤਾਲ ਦੌਰਾਨ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਆਮ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਡਿਜੀਟਲ ਸੇਵਾਵਾਂ ਦੀ ਵਰਤੋਂ ਦੀ ਸਲਾਹ
ਸਟੇਟ ਬੈਂਕ ਆਫ਼ ਇੰਡੀਆ (SBI) ਨੇ ਗਾਹਕਾਂ ਨੂੰ ਹੜਤਾਲ ਤੋਂ ਪਹਿਲਾਂ ਆਪਣੇ ਜ਼ਰੂਰੀ ਕੰਮ ਪੂਰੇ ਕਰਨ ਅਤੇ ਨਕਦੀ ਦੀ ਲੋੜ ਲਈ ਏਟੀਐਮ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ YONO, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ UPI ਵਰਗੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਬੈਂਕ ਆਫ਼ ਇੰਡੀਆ ਅਤੇ ਕਰਨਾਟਕ ਬੈਂਕ ਨੇ ਵੀ ਗਾਹਕਾਂ ਨੂੰ 24 ਘੰਟੇ ਉਪਲਬਧ ਡਿਜੀਟਲ ਬੈਂਕਿੰਗ ਚੈਨਲਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ICICI ਬੈਂਕ, HDFC ਬੈਂਕ, ਐਕਸਿਸ ਬੈਂਕ ਅਤੇ ਇੰਡਸਇੰਡ ਬੈਂਕ ਵਰਗੇ ਨਿੱਜੀ ਬੈਂਕਾਂ ਵਿੱਚ ਕੰਮਕਾਜ ਆਮ ਰਹਿਣ ਦੀ ਸੰਭਾਵਨਾ ਹੈ।
ਪੈਨਸ਼ਨ ਅਤੇ 5 ਦਿਨਾਂ ਦੀ ਬੈਂਕਿੰਗ ਸਮੇਤ ਕਈ ਮੰਗਾਂ
UFBU ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਵੱਡੀ ਗਿਣਤੀ ਬੈਂਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਹੜਤਾਲ ਵਿੱਚ ਖੇਤਰੀ ਪੇਂਡੂ ਬੈਂਕਾਂ ਦੇ ਕਰਮਚਾਰੀ ਵੀ ਸ਼ਾਮਲ ਹੋਣਗੇ। ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਹਫ਼ਤੇ ਵਿੱਚ ਪੰਜ ਦਿਨ ਬੈਂਕਿੰਗ, ਪੈਨਸ਼ਨ ਵਿੱਚ ਸੁਧਾਰ ਅਤੇ ਅਪਡੇਟ, ਸਾਰੇ ਪੈਨਸ਼ਨਰਾਂ ਲਈ ਡੀਅਰਨੈੱਸ ਅਲਾਉਂਸ (DA) ਦਾ ਇੱਕੋ ਫਾਰਮੂਲਾ ਅਤੇ ਨਵੀਂ ਪੈਨਸ਼ਨ ਸਕੀਮ ਵਾਲੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਵਿੱਚ ਜਾਣ ਦਾ ਵਿਕਲਪ ਦੇਣਾ ਸ਼ਾਮਲ ਹੈ।
ਇਸ ਦੌਰਾਨ ਵਿੱਤ ਮੰਤਰਾਲੇ ਨੇ ਬੈਂਕ ਕਰਮਚਾਰੀਆਂ ਨੂੰ ਹੜਤਾਲ ਤੋਂ ਬਚਣ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਯੂਨੀਅਨਾਂ ਦੀਆਂ ਕਈ ਮੰਗਾਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।
