ਬਰਨਾਲਾ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ 3 ਲੜਕੀਆਂ
3 girls climb water tank in Barnala: ਬਰਨਾਲਾ: ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਨੇੜੇ ਬਣੀ ਪਾਣੀ ਦੀ ਟੈਂਕੀ ’ਤੇ ਬੁੱਧਵਾਰ ਸਵੇਰੇ ਤਿੰਨ ਲੜਕੀਆਂ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ ਲੱਗੀਆਂ। ਤਿੰਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਵੱਖ-ਵੱਖ ਮਾਮਲਿਆਂ ਵਿੱਚ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕੀਤਾ ਗਿਆ, ਪਰ ਕਈ ਮਹੀਨਿਆਂ ਤੋਂ ਪੁਲਿਸ ਕੋਲ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਟੈਂਕੀ ’ਤੇ ਚੜ੍ਹੀਆਂ ਲੜਕੀਆਂ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਮਹਿਲ ਕਲਾਂ ਹਲਕੇ ਦੇ ਪਿੰਡ ਦੀਵਾਨਾ ਅਤੇ ਗਾਗੇਵਾਲ ਦੀਆਂ ਦੋ ਲੜਕੀਆਂ, ਜਦਕਿ ਤੀਜੀ ਲੜਕੀ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਦੱਸੀ ਗਈ ਹੈ।
ਤਿੰਨਾਂ ਨੇ ਵੱਖ-ਵੱਖ ਮਾਮਲਿਆਂ ਵਿੱਚ ਲਾਏ ਗੰਭੀਰ ਦੋਸ਼
ਪਿੰਡ ਦੀਵਾਨਾ ਦੀ ਇੱਕ ਲੜਕੀ, ਜੋ SC ਵਰਗ ਨਾਲ ਸਬੰਧਤ ਦੱਸੀ ਜਾ ਰਹੀ ਹੈ, ਨੇ ਦੋਸ਼ ਲਾਇਆ ਕਿ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਰਾਈਵਰ ਨੇ ਉਸ ਨੂੰ ਵਿਆਹ ਦਾ ਭਰੋਸਾ ਦੇ ਕੇ ਸਬੰਧ ਬਣਾਏ। ਲੜਕੀ ਦਾ ਦੋਸ਼ ਹੈ ਕਿ ਬਾਅਦ ਵਿੱਚ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸ ਨੂੰ ਕਥਿਤ ਤੌਰ ’ਤੇ ਵੀਡੀਓ ਰਾਹੀਂ ਬਲੈਕਮੇਲ ਤੇ ਧਮਕਾਇਆ ਜਾਂਦਾ ਰਿਹਾ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਵਿਆਹ ਦਾ ਭਰੋਸਾ ਦਿੱਤਾ ਗਿਆ ਸੀ।
ਪਿੰਡ ਗਾਗੇਵਾਲ ਦੀ ਦੂਜੀ ਲੜਕੀ ਨੇ ਦੋਸ਼ ਲਾਇਆ ਕਿ ਲੁਧਿਆਣਾ ਦੇ ਰਾਏਕੋਟ ਨਾਲ ਸਬੰਧਤ ਇੱਕ ਪ੍ਰਾਪਰਟੀ ਡੀਲਰ ਨੇ ਉਸ ਨੂੰ ਕਰੀਬ ਤਿੰਨ ਸਾਲ ਤੱਕ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ। ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਕਤ ਵਿਅਕਤੀ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ, ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ।
ਤੀਜੀ ਲੜਕੀ, ਜੋ ਬਰਨਾਲਾ ਦੀ ਰਹਿਣ ਵਾਲੀ ਅਤੇ BC ਵਰਗ ਨਾਲ ਸਬੰਧਤ ਦੱਸੀ ਜਾ ਰਹੀ ਹੈ, ਨੇ ਦੋਸ਼ ਲਾਇਆ ਕਿ ਸੇਖਾ ਰੋਡ ਦੇ ਇੱਕ ਨੌਜਵਾਨ ਨੇ ਉਸ ਨੂੰ ਕਰੀਬ ਛੇ ਸਾਲ ਤੱਕ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ। ਉਸ ਦਾ ਦੋਸ਼ ਹੈ ਕਿ ਮੁਲਜ਼ਮ ਬਾਅਦ ਵਿੱਚ ਪੰਜਾਬ ਅਤੇ ਭਾਰਤ ਛੱਡ ਕੇ ਲੰਡਨ ਚਲਾ ਗਿਆ। ਲੜਕੀ ਨੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਗੱਲਬਾਤ
ਤਿੰਨੋਂ ਲੜਕੀਆਂ ਦੇ ਟੈਂਕੀ ’ਤੇ ਚੜ੍ਹਨ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਥਾਣਾ ਸਿਟੀ-2 ਦੇ SHO ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲੜਕੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਪੁਲਿਸ ਅਧਿਕਾਰੀ ਮੁਤਾਬਕ ਲੜਕੀਆਂ ਵੱਲੋਂ ਪਹਿਲਾਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਨੇ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਲਈ DLA ਸੈੱਲ ਨੂੰ ਭੇਜੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀਆਂ ਦੇ ਬਿਆਨ ਅਤੇ ਸਾਹਮਣੇ ਆਉਣ ਵਾਲੇ ਹੋਰ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਲੜਕੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੀ ਜਾਨ ਦੇਣ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਗੀਆਂ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਉਤਾਰਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਜਾਰੀ ਹੈ। ਪੁਲਿਸ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ।
